16 ਨੂੰ ਡੀਸੀ ਦਫ਼ਤਰਾਂ ਅੱਗੇ ਧਰਨੇ ’ਚ ਭਾਕਿਯੂ ਡਕੌਂਦਾ ਹੋਵੇਗੀ ਸ਼ਾਮਲ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Mon, 05 Jan 2026 05:29 PM (IST)
Updated Date: Tue, 06 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡਾਂ ਬੁਰਜ ਰਾਠੀ ਤੇ ਖੜਕ ਸਿੰਘ ਵਾਲਾ ਵਿੱਚ ਕੇਂਦਰ ਸਰਕਾਰ ਵੱਲੋਂ ਭੇਜੇ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਭਾਰਤ ਦੇਸ਼ ਇਕ ਵੱਡੀ ਮੰਡੀ ਹੈ, ਜਿਸ ‘ਤੇ ਦੁਨੀਆ ਪੱਧਰ ਦੀਆਂ ਸਾਮਰਾਜੀ ਕੰਪਨੀਆਂ ਦੀ ਬਾਜ ਅੱਖ ਹੈ। ਇਨ੍ਹਾਂ ਤਿੰਨ ਕਾਨੂੰਨਾਂ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025 ਤੇ ਕਿਰਤ ਕਾਨੂੰਨ ਵਿੱਚ ਸੋਧਾਂ ਰਾਹੀਂ ਕੇਂਦਰ ਸਰਕਾਰ ਸਮੁੱਚੀ ਲੋਕਾਈ ਦੇ ਅਧਿਕਾਰਾਂ ਨੂੰ ਕੁਚਲ ਕੇ ਨਿੱਜੀਕਰਨ ਦੀਆਂ ਪਾਲਿਸੀਆਂ ਨੂੰ ਲਾਗੂ ਕਰਨਾ ਚਾਹੁੰਦੀ ਹੈ। ਇਨ੍ਹਾਂ ਨੀਤੀਆਂ ਰਾਹੀਂ ਸਾਮਰਾਜੀ ਕੰਪਨੀਆਂ ਕਿਰਤੀ ਵਰਗ ਦੀ ਕਿਰਤ ਦੀ ਲੁੱਟ ਕਰਨ ਨੂੰ ਉਤਾਰੂ ਹਨ, ਜੋ ਹਰਗਿਜ਼ ਬਰਦਾਸ਼ਤ ਯੋਗ ਨਹੀਂ ਹੈ। ਐੱਸਕੇਐੱਮ ਵੱਲੋਂ 16 ਜਨਵਰੀ ਦੇ ਡੀਸੀ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਭਾਕਿਯੂ ਏਕਤਾ ਡਕੌਂਦਾ ਵੱਡੀ ਪੱਧਰ ‘ਤੇ ਸ਼ਮੂਲੀਅਤ ਕਰੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਸਮੇਤ ਮਹਿੰਦਰ ਸਿੰਘ, ਬਲਵਿੰਦਰ ਸਿੰਘ, ਅਜਮੇਰ ਸਿੰਘ ਬੁਰਜ ਰਾਠੀ, ਜਸਵਿੰਦਰ ਸਿੰਘ, ਮੱਖਣ ਸਿੰਘ, ਨਿਰਮਲ ਸਿੰਘ ਖੜਕ ਸਿੰਘ ਵਾਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਵੀ ਮੌਜੂਦ ਰਹੇ।