- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਮਾਨਸਾ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਅਤੇ ਭਾਜਪਾ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਵਰਕਰਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕਰਦਿਆਂ ਗੁੱਸਾ ਜ਼ਾਹਿਰ ਕੀਤਾ। ਇਹ ਰੋਸ ਪ੍ਰਦਰਸ਼ਨ ਮੁੱਖ ਤੌਰ ’ਤੇ ਸੰਸਦ ਭਵਨ ਵਰਗੇ ਦੇਸ਼ ਦੇ ਸਭ ਤੋਂ ਪਵਿੱਤਰ ਅਤੇ ਮਰਿਆਦਾ ਵਾਲੇ ਸਥਾਨ ’ਤੇ ਰਾਹੁਲ ਗਾਂਧੀ ਵੱਲੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਰੁੱਧ ਵਰਤੀ ਅਪਮਾਨਜਨਕ ਅਤੇ ਗੈਰ-ਸੰਵਿਧਾਨਕ ਸ਼ਬਦਾਵਲੀ ਦੇ ਵਿਰੋਧ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਹਾਜ਼ਰ ਭਾਜਪਾ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਇੱਕ ਜ਼ਿੰਮੇਵਾਰ ਕੇਂਦਰੀ ਮੰਤਰੀ ਵਿਰੁੱਧ ਅਜਿਹੀ ਘਟੀਆ ਪੱਧਰ ਦੀ ਬਿਆਨਬਾਜ਼ੀ ਕਰਨਾ ਉਨ੍ਹਾਂ ਦੀ ਨਕਾਰਾਤਮਕ ਮਾਨਸਿਕਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਲੋਕਤੰਤਰ ਦਾ ਮੰਦਰ ਹੈ ਅਤੇ ਉੱਥੇ ਬੈਠ ਕੇ ਅਜਿਹੀ ਭਾਸ਼ਾ ਦੀ ਵਰਤੋਂ ਕਰਨਾ ਨਾ ਸਿਰਫ਼ ਰਵਨੀਤ ਬਿੱਟੂ ਦਾ ਅਪਮਾਨ ਹੈ, ਸਗੋਂ ਇਹ ਦੇਸ਼ ਦੇ ਲੋਕਤੰਤਰ ਅਤੇ ਚੁਣੇ ਹੋਏ ਨੁਮਾਇੰਦਿਆਂ ਦੀ ਤੌਹੀਨ ਹੈ। ਆਗੂਆਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਇੱਕ ਨਿਡਰ ਆਗੂ ਹਨ, ਜੋ ਹਮੇਸ਼ਾ ਦੇਸ਼ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ। ਕਾਂਗਰਸ ਦੀ ਅਜਿਹੀ ਬੌਖਲਾਹਟ ਇਹ ਸਾਬਤ ਕਰਦੀ ਹੈ ਕਿ ਵਿਰੋਧੀ ਧਿਰ ਕੋਲ ਹੁਣ ਕੋਈ ਉਸਾਰੂ ਮੁੱਦਾ ਨਹੀਂ ਬਚਿਆ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ-ਇੱਕ ਵਰਕਰ ਰਵਨੀਤ ਬਿੱਟੂ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਭਵਿੱਖ ਵਿੱਚ ਅਜਿਹੀ ਕੋਈ ਵੀ ਬਦਤਮੀਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਰੋਸ ਪ੍ਰਦਰਸ਼ਨ ਵਿੱਚ ਪਾਰਟੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ, ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕੁਮਾਰ ਭੰਮਾ ਅਤੇ ਹਲਕਾ ਇੰਚਾਰਜ ਮਨਦੀਪ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨਾਲ ਪਰਦੀਪ ਮਾਖਾ, ਪਾਲਾ ਰਾਮ ਪਰੋਚਾ, ਬਿੰਦਰ ਪਾਲ ਗਰਗ, ਸ਼ਾਮ ਲਾਲ, ਬਿੰਦਰ ਸਿੰਘ ਖਿਆਲਾ, ਭਗਵਾਨ ਸਿੰਘ ਖਿਆਲਾ, ਅਸ਼ੋਕ ਰੱਤੀ, ਗੁਰਸ਼ਰਨ ਸਿੰਘ, ਰਮੇਸ਼ ਪਰੋਚਾ, ਰੁਪਿੰਦਰ ਰਿੰਪੀ, ਪੂਨਮ ਸ਼ਰਮਾ, ਬੁੱਧ ਸਿੰਘ ਹੀਰੋ, ਜੱਗੀ ਅਕਲੀਆਂ, ਹਰਬੰਸ ਸਿੰਘ ਰੱਲਾ, ਦਿਲਬਾਗ਼ ਸਿੰਘ ਫੇਫੜੇ ਅਤੇ ਕੁੱਕੂ ਤੁਰਕਿਆ ਸਮੇਤ ਵੱਡੀ ਗਿਣਤੀ ਵਿੱਚ ਹੋਰ ਵੀ ਅਹੁਦੇਦਾਰ ਅਤੇ ਵਰਕਰ ਆਦਿ ਹਾਜ਼ਰ ਸਨ। ਸਾਰਿਆਂ ਨੇ ਇਕਸੁਰ ਵਿੱਚ ਰਾਹੁਲ ਗਾਂਧੀ ਤੋਂ ਜਨਤਕ ਮਾਫ਼ੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ ਆਪਣਾ ਰਵੱਈਆ ਨਾ ਸੁਧਾਰਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।