ਭਾਜਪਾ ਤੇ ‘ਆਪ’ ਨੇ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹ ਲਿਆ ਹੈ : ਸਮਾਓਂ
ਭਾਜਪਾ ਤੇ ਆਪ ਨੇ ਮਜ਼ਦੂਰਾਂ ਤੋਂ ਮਨਰੇਗਾ
Publish Date: Thu, 26 Mar 2026 06:09 PM (IST)
Updated Date: Thu, 26 Mar 2026 06:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਜਪਾ ਤੇ ‘ਆਪ’ ਨੇ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹ ਲਿਆ ਹੈ। ਇਹ ਦੋਸ਼ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 5 ਅਪ੍ਰੈਲ ਨੂੰ ਬੁਢਲਾਡਾ ਵਿਖੇ ਰੱਖੀ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਦੀ ਤਿਆਰੀ ਲਈ ਪਿੰਡ ਨੰਗਲ ਖੁਰਦ, ਦੁਲੋਵਾਲ, ਸਮੇਤ ਵੱਖ-ਵੱਖ ਪਿੰਡਾਂ ਅੰਦਰ ਮਜ਼ਦੂਰ ਲਾਮਬੰਦੀ ਮੀਟਿੰਗਾਂ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਦੇ ਲਿਆਂਦੇ ਕਾਨੂੰਨ ਤਹਿਤ ਹੁਣ ਕੇਂਦਰ ਪੇਂਡੂ ਰੁਜ਼ਗਾਰ ਗਰੰਟੀ ਲਈ 90 ਦੀ ਥਾਂ 60 ਫ਼ੀਸਦੀ ਬਜਟ ਜਾਰੀ ਕਰੇਗਾ ਅਤੇ ਸੂਬਾ ਸਰਕਾਰ 10 ਦੀ ਥਾਂ 40 ਫ਼ੀਸਦੀ ਬਜਟ ਹਿੱਸਾ ਪਾਉਣ ਬਾਅਦ ਸੂਬੇ ਦੇ ਮਜ਼ਦੂਰ ਨੂੰ ਜੀ ਰਾਮ ਜੀ ਕਾਨੂੰਨ ਤਹਿਤ ਰੁਜ਼ਗਾਰ ਮਿਲੇਗਾ। ਪਰ ਜੀ ਰਾਮ ਜੀ ਖ਼ਿਲਾਫ਼ ਮਤਾ ਪਾਸ ਕਰਨ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਆਪਣੇ ਆਖ਼ਰੀ ਬਜਟ ਵਿੱਚ ਪੇਂਡੂ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਪੈਸਾ ਨਹੀਂ ਰੱਖਿਆ, ਜਿਸ ਤੋਂ ਸਾਫ ਹੈ ਕਿ ਪੇਂਡੂ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹਣ ਲਈ ਭਾਜਪਾ ਤੇ ‘ਆਪ’ ਇੱਕ ਹਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਰਿਆਤਾ ਦੇ ਨਾਂ ’ਤੇ ਗ਼ਰੀਬਾਂ ਨੂੰ ਮੰਗਤੇ ਬਣਾਉਣ ਦਾ ਦੋਸ਼ ਲਾਉਣ ਵਾਲਾ ਮੁੱਖ ਮੰਤਰੀ ਮਾਨ ਮਜ਼ਦੂਰਾਂ ਦਾ ਰੁਜ਼ਗਾਰ ਬੰਦ ਕਰ ਕੇ ਇੱਕ ਕਿੱਲੋ ਨਮਕ ਤੇ ਤੇਲ ਦੀ ਬੋਤਲ ਦੇ ਕੇ ਕਿਹੜੇ ਬਾਦਸ਼ਾਹ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸ਼ਾਨਦਾਰ ਚਾਰ ਸਾਲਾਂ ਦਾ ਰਾਜ ਵਿਚ ਲੋਕ ਮੰਤਰੀਆਂ ਤੇ ਅਫ਼ਸਰਾਂ ਕਾਰਨ ਖੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੀਆਂ ਗਰੰਟੀਆ ਪੂਰੀਆਂ ਕਰਨ ਦਾਂ ਦਾਅਵਾ ਨਿਰਾ ਝੂਠ ਹੈ ਕਿਉਂਕਿ ਕੱਚੇ ਮੁਲਾਜ਼ਮ ਪੱਕੇ ਹੋਣ, ਬਜ਼ੁਰਗ 2500 ਰੁਪਏ ਬੁਢਾਪਾ ਪੈਨਸ਼ਨ, ਬੇਘਰੇ ਗ਼ਰੀਬ 5 ਮਰਲੇ ਪਲਾਟਾਂ, ਨੌਜਵਾਨ ਬੇਰੁਜ਼ਗਾਰੀ ਭੱਤੇ ਨੂੰ, ਕਿਸਾਨ ਐੱਮਐੱਸਪੀ ਸਮੇਤ ਹੋਰ ਮੰਗਾਂ ਦੀ ਪ੍ਰਾਪਤੀ ਲਈ ਪੁਲਿਸ ਦੀ ਡਾਂਗਾਂ ਖਾਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਔਰਤਾਂ ਦੇ ਖਾਤਿਆਂ ਵਿਚ 1500 ਤੇ 1000 ਰੁਪਏ ਪਾਉਣ ਦਾ ਐਲਾਨ ਦੂਜੀ ਵਾਰ ਮੂਰਖ਼ ਬਣਾਏਗਾ। ਉਨ੍ਹਾਂ ਕਿਹਾ ਮਜ਼ਦੂਰ ਜਮਾਤ ਨੂੰ 5 ਅਪ੍ਰੈਲ ਨੂੰ ਬੁਢਲਾਡਾ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਸੁਖਵੀਰ ਸਿੰਘ ਖ਼ਾਰਾਂ, ਜ਼ਿਲ੍ਹਾ ਕਮੇਟੀ ਮੈਂਬਰ ਜਰਨੈਲ ਸਿੰਘ ਮਾਨਸਾ, ਜਗਪਾਲ ਸਿੰਘ ਨੰਗਲ ਖੁਰਦ, ਹੰਸੋ ਕੌਰ ਦੂਲੋਵਾਲ, ਸਰਬਜੀਤ ਕੌਰ, ਮਨਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।