ਦਾਣਾ ਮੰਡੀ ’ਚ ਨਰਮੇ ਦੀ ਵਿਕਰੀ ਸਬੰਧੀ ਵੱਡੀ ਘਪਲੇਬਾਜ਼ੀ
ਸਰਦੂਲਗੜ ਅਨਾਜ ਮੰਡੀ ਵਿੱਚ ਬਿਕਣ ਲਈ
Publish Date: Wed, 07 Jan 2026 06:24 PM (IST)
Updated Date: Thu, 08 Jan 2026 04:06 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ,
ਇੱਥੋਂ ਦੀ ਦਾਣਾ ਮੰਡੀ ਵਿੱਚ ਵਿਕਣ ਲਈ ਆ ਰਹੀ ਨਰਮੇ ਦੀ ਫ਼ਸਲ ਆੜ੍ਹਤੀਆਂ ਵਲੋਂ ਖਰੀਦ ਕੇ ਗੁਆਂਢੀ ਸੂਬੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਿਨਾਂ ਮਾਰਕੀਟ ਫ਼ੀਸ ਭਰੇ ਟਰਾਲੀਆਂ ਭਰ ਕੇ ਵੇਚਣ ਲਈ ਭੇਜੀ ਜਾ ਰਹੀ ਹੈ। ਇਸ ਸਬੰਧੀ ਭਰੋਸੇਯੋਗ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆੜ੍ਹਤੀਆਂ ਵਲੋਂ ਰੋਜ਼ਾਨਾ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਲੱਖਾਂ ਰੁਪਏ ਦੀ ਮਾਰਕੀਟ ਫੀਸ ਦੀ ਸ਼ਰੇਆਮ ਚੋਰੀ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਪੱਤਰਕਾਰਾਂ ਵਲੋਂ ਮੰਡੀ ਵਿੱਚ ਪੰਹੁਚ ਕੇ ਨਰਮੇ ਦੀ ਫ਼ਸਲ ਦੀ ਚੱਲ ਰਹੀ ਬੋਲੀ ਸਬੰਧੀ ਪਤਾ ਕਰਨਾ ਚਾਹਿਆ ਤਾਂ ਨਰਮੇ ਦੀ ਢੇਰੀ ਦੇ ਦੁਆਲੇ ਖੜ੍ਹ ਆੜ੍ਹਤੀਏ ਅਤੇ ਨਰਮਾ ਖ਼ਰੀਦਣ ਵਾਲੇ ਪੱਤਰਕਾਰਾਂ ਨੂੰ ਵੇਖ ਕੇ ਬੋਲੀ ਅੱਧਵਿਚਾਲੇ ਛੱਡ ਕੇ ਇਧਰ-ਉਧਰ ਭਜਣ ਲੱਗੇ। ਇਸ ਮੌਕੇ ਉਥੇ ਮੌਜੂਦ ਮਾਰਕੀਟ ਕਮੇਟੀ ਦਾ ਮੁਲਾਜ਼ਮ ਵੀ ਖਿਸਕਣ ਦੀ ਕੋਸ਼ਿਸ਼ ਕਰਨ ਲੱਗੇ ਪਰ ਜਦੋਂ ਪੱਤਰਕਾਰਾਂ ਵਲੋਂ ਉਸ ਤੋਂ ਅੱਜ ਬੋਲੀ ‘ਤੇ ਵਿਕੇ ਨਰਮੇ ਦੀਆਂ ਰਜਿਸਟਰ ਵਿੱਚ ਦਰਜ ਢੇਰੀਆਂ ਦੀ ਜਾਣਕਾਰੀ ਮੰਗੀ ਤਾਂ ਉਹ ਕੁਝ ਵੀ ਦਸਣ ਤੋਂ ਇਨਕਾਰ ਕਰਦਾ ਰਿਹਾ। ਨਾਲ ਹੀ ਆਪਣੇ ਖਾਲੀ ਰਜਿਸਟਰ ਵਿੱਚ ਆੜ੍ਹਤੀਏ ਤੋਂ ਪੁੱਛ ਕੇ ਇਕ ਨਰਮੇ ਦੀ ਢੇਰੀ ਵੀ ਦਰਜ ਕਰ ਲਈ। ਇਸ ਮੌਕੇ ਬੌਖਲਾਏ ਕੁਝ ਆੜ੍ਹਤੀਆਂ ਵੱਲੋਂ ਪੱਤਰਕਾਰਾਂ ਦੇ ਪੁੱਛ ਪੜਤਾਲ ਕਰਨ ਨੂੰ ਲੈ ਕੇ ਉਨ੍ਹਾਂ ਨਾਲ ਭਿੜ ਗਏ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਰਹੇ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਵੱਲੋਂ ਕੁਝ ਆੜ੍ਹਤੀਆਂ ਦੀਆਂ ਦੁਕਾਨਾਂ ‘ਤੇ ਰੇਡ ਕੀਤੀ ਗਈ ਸੀ ਤੇ ਉਨ੍ਹਾਂ ਦਾ ਰਿਕਾਰਡ ਜ਼ਬਤ ਕੀਤਾ ਗਿਆ ਸੀ ਪਰ ਉਸ ਸਮੇਂ ਵੀ ਉਥੇ ਮੌਜੂਦ ਪੱਤਰਕਾਰਾਂ ਨੂੰ ਆਏ ਹੋਏ ਅਧਿਕਾਰੀਆਂ ਨੇ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਦੇਣਾ ਉਚਿਤ ਨਹੀਂ ਸਮਝਿਆ, ਜੋ ਕਿ ਮੰਡੀ ਵਿੱਚ ਸ਼ਰੇਆਮ ਘਪਲੇਬਾਜ਼ੀ ਨੂੰ ਸਾਬਤ ਕਰਦਾ ਹੈ। ਮੰਡੀ ਵਿੱਚ ਉੱਚ ਅਧਿਕਾਰੀਆਂ ਦੀ ਰੇਡ ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਮੰਡੀ ਵਿੱਚ ਆੜ੍ਹਤੀਆਂ ਵੱਲੋਂ ਕੁਝ ਨਾ ਕੁਝ ਤਾਂ ਗਲਤ ਕੀਤਾ ਜਾ ਰਿਹਾ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਕਿਮੀ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।