ਕਿਸਾਨਾਂ ਸਿਰ ਚੜ੍ਹੇ ਕਰਜ਼ੇ ਖਤਮ ਕੀਤੇ ਜਾਣ: ਭਾਕਿਯੂ ਆਗੂ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ
Publish Date: Mon, 09 Feb 2026 08:09 PM (IST)
Updated Date: Tue, 10 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਨੇੜੇ ਰੇਲਵੇ ਸਟੇਸ਼ਨ ਮਾਨਸਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਪਾਸ ਕੀਤੇ ਮਤਿਆਂ ਬਾਰੇ ਜ਼ਿਲ੍ਹਾ ਸਕੱਤਰ ਜਨਰਲ ਹਰਦੇਵ ਸਿੰਘ ਕੋਟਧਰਮੂੰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਸਮਝੌਤਿਆਂ ਬਾਰੇ ਕੇਂਦਰ ਸਰਕਾਰ ਜਨਤਕ ਕਰੇ ਤਾਂ ਕਿ ਖੇਤੀ ਸੈਕਟਰ ਬਾਰੇ ਕੀਤੇ ਸਮਝੌਤਿਆਂ ਦੀ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਮਿਲ ਸਕੇ। ਇੱਕ ਹੋਰ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਡਾ. ਸੁਆਮੀਨਾਥਨ ਦੀ ਸਿਫ਼ਾਰਸ਼ ਸੀ 2 ਅਨੁਸਾਰ ਕਿਸਾਨੀ ਜਿਣਸਾਂ ਦੇ ਭਾਅ ਤੈਅ ਕਰਨੇ ਯਕੀਨੀ ਬਣਾਏ ਜਾਣ। ਕਿਸਾਨਾਂ ਸਿਰ ਚੜ੍ਹੇ ਕਰਜ਼ਿਆਂ ਵਾਰੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਮੇਂ 2 ਦੀਆਂ ਕੇਂਦਰ ਸਰਕਾਰਾਂ ਦੀਆਂ ਖੇਤੀ ਪ੍ਰਤੀ ਗਲਤ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹੇ ਹਰ ਕਿਸਮ ਦੇ ਕਰਜ਼ੇ ਖਤਮ ਕੀਤੇ ਜਾਣ। ਇਸੇ ਤਰ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਕੋਆਪ੍ਰੇਟਿਵ ਬੈਂਕਾਂ ਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਕਿਸਾਨਾਂ ਸਿਰ ਚੜ੍ਹੇ ਹਰ ਕਿਸਮ ਦੇ ਕਰਜ਼ੇ ਖਤਮ ਕੀਤੇ ਜਾਣ। ਇਸ ਤੋਂ ਇਲਾਵਾ ਨਕਲੀ ਦੁੱਧ ਦੀ ਰੋਕਥਾਮ ਲਈ 'ਯੁੱਧ ਨਕਲੀ ਦੁੱਧ 'ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਨਕਲੀ ਦੁੱਧ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਹਰ ਜ਼ਿਲ੍ਹੇ ਅੰਦਰ ਵਿਸ਼ੇਸ਼ ਲੈਬਾਂ ਸਥਾਪਤ ਕੀਤੀਆਂ ਜਾਣ। ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਮਜਬੂਰੀਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਜਮ੍ਹਾਂਬੰਦੀ ਰੀਕਾਰਡ ’ਚ ਦਰਜ ਕੀਤੀਆਂ ਲਾਲ ਐਂਟਰੀਆਂ ਹਟਾਈਆਂ ਜਾਣ ਅਤੇ ਕਿਸਾਨਾਂ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਫੌਜਦਾਰੀ ਮੁਕੱਦਮੇ ਰੱਦ ਕੀਤੇ ਜਾਣ। ਮੀਟਿੰਗ ਦੌਰਾਨ ਸ਼ਿੰਗਾਰਾ ਸਿੰਘ ਦੋਦੜਾ, ਅਵਤਾਰ ਸਿੰਘ ਰੱਲਾ, ਨਾਜਰ ਸਿੰਘ ਖਿਆਲਾ, ਬਾਬੂ ਸਿੰਘ ਸਿੰਘ ਧਿੰਗੜ, ਮਹਿੰਦਰ ਸਿੰਘ ਖਿਆਲਾ, ਮਲਕੀਤ ਸਿੰਘ ਗਾਗੋਵਾਲ, ਅਜੈਬ ਸਿੰਘ ਰੱਲਾ, ਮਹਿੰਦਰ ਸਿੰਘ ਗੁੜੱਦੀ ਗੁਰਜੰਟ ਸਿੰਘ ਸਤੀਕੇ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।