ਮੰਗਾਂ ਸਬੰਧੀ ਵਿਧਾਇਕ ਬੁੱਧ ਰਾਮ ਨੂੰ ਸੌਂਪਿਆ ਮੰਗ-ਪੱਤਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ
Publish Date: Wed, 04 Feb 2026 09:18 PM (IST)
Updated Date: Thu, 05 Feb 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬੁਢਲਾਡਾ ਦੀ ਇੱਕ ਜਰੂਰੀ ਇਕੱਤਰਤਾ ਬਲਾਕ ਪ੍ਰਧਾਨ ਮਹਿੰਦਰ ਸਿੰਘ ਗੁੜੱਦੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਨੇੜੇ ਬੱਸ ਸਟੈਂਡ ਬੁਢਲਾਡਾ ਵਿਖੇ ਕੀਤੀ ਗਈ। ਇਸ ਸਮੇਂ ਜਿੱਥੇ ਆਗੂਆਂ ਵੱਲੋਂ ਜੱਥੇਬੰਦਕ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ। ਉੱਥੇ ਹੀ ਵਿਧਾਨ ਸਭਾ ਹਲਕਾ ਬੁਢਲਾਡਾ ਨਾਲ ਸਬੰਧਤ ਖਸਤਾ ਹਾਲ ਸੜਕਾਂ ਦੀ ਮੁਰੰਮਤ ਵਾਰੇ ਹਲਕਾ ਵਿਧਾਇਕ ਬੁੱਧ ਰਾਮ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬੁਢਲਾਡਾ ਤੋਂ ਸੁਨਾਮ ਵਾਇਆ ਧਰਮਗੜ੍ਹ ਸੜਕ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਗ੍ਹਾ ਜਗ੍ਹਾ ਤੋਂ ਟੁੱਟ ਚੁੱਕੀ ਹੈ ਤੇ ਇਸ ’ਚ ਬਹੁਤ ਡੂੰਘੇ ਟੋਏ ਪੈ ਚੁੱਕੇ ਹਨ। ਇਹ ਸੜਕ ਜਿੱਥੇ ਦਰਜਨਾਂ ਪਿੰਡਾਂ ਨਾਲ ਜੁੜੀ ਹੋਈ ਹੈ। ਉੱਥੇ ਹੀ ਇਹ ਸੁਨਾਮ ਸ਼ਹਿਰ ਰਾਹੀਂ ਪਟਿਆਲਾ-ਚੰਡੀਗੜ੍ਹ ਵਗੈਰਾ ਜਾਣ ਲਈ ਯਾਤਰੀਆਂ ਲਈ ਨੇੜਲਾ ਮੁੱਖ ਮਾਰਗ ਵੀ ਹੈ। ਇਸ ਸੜਕ ਦੀ ਖ਼ਸਤਾ ਹਾਲਤ ਹੋਣ ਕਰਕੇ ਰੋਜ਼ਾਨਾ ਹੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਤੌਰ ’ਤੇ ਬਾਰਸ਼ਾਂ ਦੌਰਾਨ ਇਸ ਦੇ ਹਾਲਾਤ ਹੋਰ ਵੀ ਗੰਭੀਰ ਬਣ ਜਾਂਦੇ ਹਨ। ਵਿਧਾਨ ਸਭਾ ਹਲਕਾ ਬੁਢਲਾਡਾ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਪਿੰਡਾਂ ਵਾਲੀਆਂ ਸੰਪਰਕ ਸੜਕਾਂ ਵੀ ਹਨ, ਜਿਨ੍ਹਾਂ ਦੇ ਹਾਲਾਤ ਬੜੇ ਹੀ ਤਰਸਯੋਗ ਹਨ, ਜਿਨ੍ਹਾਂ ’ਚੋਂ ਬੁਢਲਾਡਾ-ਭੀਖੀ ਵਰਾਸਤਾ ਚੱਕ ਭਾਈਕੇ ਵੀਰੋਕੇ ਵੀ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ ਵਿੱਚ ਹੈ। ਇਸ ਲਈ ਅਸੀਂ ਆਪ ਜੀ ਤੋਂ ਮੰਗ ਕਰਦੇ ਹਾਂ ਕਿ ਬੁਢਲਾਡਾ-ਸੁਨਾਮ ਸੜਕ ਸਮੇਤ ਵਿਧਾਨ ਸਭਾ ਹਲਕਾ ਬੁਢਲਾਡਾ ਨਾਲ ਸਬੰਧਤ ਸਾਰੀਆਂ ਹੀ ਸੜਕਾਂ ਨੂੰ ਜਲਦ ਬਣਾਇਆ ਜਾਵੇ। ਇਸ ਮੌਕੇ ਸੂਬਾ ਅਨੁਸ਼ਾਸਨੀ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ, ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸ਼ਿੰਗਾਰਾ ਸਿੰਘ ਦੋਦੜਾ, ਬਲਾਕ ਪ੍ਰਧਾਨ ਮਹਿੰਦਰ ਸਿੰਘ ਗੁੜੱਦੀ, ਬਲਾਕ ਖ਼ਜ਼ਾਨਚੀ ਸੰਤਰਾਮ ਸਿੰਘ ਦੋਦੜਾ, ਬਲਾਕ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਸਤੀਕੇ, ਜਗਜੀਤ ਸਿੰਘ ਤੇ ਗੁਰਜੰਟ ਸਿੰਘ ਚੱਕ ਭਾਈਕੇ, ਨਛੱਤਰ ਸਿੰਘ ਗੁੜੱਦੀ ਤੇ ਲਖਵਿੰਦਰ ਸਿੰਘ ਸਤੀਕੇ ਆਦਿ ਵੀ ਮੌਜੂਦ ਰਹੇ।