ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜੋਗਾ ਥਾਣੇ ਅੱਗੇ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
Publish Date: Mon, 19 Jan 2026 06:25 PM (IST)
Updated Date: Tue, 20 Jan 2026 04:13 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੋਗਾ ਥਾਣੇ ਅੱਗੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜੱਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਉੱਭਾ ਪਿੰਡ ਦੇ ਰਾਜ ਕੁਮਾਰ ਕੋਲ 28 ਕਨਾਲ ਜ਼ਮੀਨ ਵਿੱਚ ਇੱਕ ਮੋਟਰ ਲੱਗੀ ਹੋਈ ਸੀ, ਜੋ ਕਿ 2023 ਵਿੱਚ ਉਸ ਨੇ 14 ਕਨਾਲ ਜ਼ਮੀਨ ਉੱਭੇ ਪਿੰਡ ਦੇ ਕਿਸਾਨ ਸੁਖਪਾਲ ਸਿੰਘ ਨੂੰ ਵੇਚ ਦਿੱਤੀ ਸੀ ਅਤੇ ਮੋਟਰ ਕੁਨੈਕਸ਼ਨ ਦਾ ਬਣਦਾ ਹਿੱਸਾ 50 ਪ੍ਰਤੀਸ਼ਤ ਬਕਾਇਦਾ ਰਜਿਸਟਰੀ ਵਿੱਚ ਲਿਖਵਾਇਆ ਸੀ, ਬਾਕੀ 14 ਕਨਾਲ ਜ਼ਮੀਨ ਵਿੱਚੋਂ ਉਸਨੇ ਤਾਮਕੋਟ ਦੇ ਕਿਸਾਨ ਗੁਲਜ਼ਾਰ ਸਿੰਘ 7 ਕਨਾਲ ਜ਼ਮੀਨ ਵੇਚ ਦਿੱਤੀ ਸੀ, ਉਸ ਨੂੰ ਮੋਟਰ ਦਾ ਬਣਦਾ ਹਿੱਸਾ ਰਜਿਸਟਰੀ ਵਿੱਚ ਲਿਖਾਇਆ ਸੀ। 7 ਕਨਾਲ ਜ਼ਮੀਨ ਮਾਨਸਾ ਦੇ ਬਲਵਿੰਦਰ ਸ਼ਰਮਾ ਨੂੰ ਵੇਚਕੇ ਰਜਿਸਟਰੀ ਵਿੱਚ ਮੋਟਰ ਕੁਨੈਕਸ਼ਨ ਦਾ ਬਣਦਾ ਹਿੱਸਾ ਲਿਖਵਾਇਆ ਸੀ, ਪਰ ਹੁਣ ਰਾਜ ਕੁਮਾਰ ਨੇ ਪਹਿਲੇ ਖਰੀਦਦਾਰ ਨੂੰ ਛੱਡਕੇ ਇਕੱਲੇ ਬਲਵਿੰਦਰ ਸ਼ਰਮਾ ਨੂੰ ਮੋਟਰ ਕੁਨੈਕਸ਼ਨ ਨਾਮ ਕਰਵਾਉਣ ਲਈ ਐਫ਼ੀਡੇਬਿਟ ਬਿਜਲੀ ਮਹਿਕਮੇ ਨੂੰ ਬਣਾ ਕੇ ਦੇ ਦਿੱਤਾ ਜੋ ਕਿ ਪਹਿਲੇ ਖਰੀਦਦਾਰ ਨਾਲ ਠੱਗੀ ਹੈ। ਇਸ ਮਸਲੇ ਸਬੰਧੀ ਜੋਗਾ ਥਾਣੇ ਵਿਖੇ ਪੀੜ੍ਹਤ ਵਿਅਕਤੀਆਂ ਵੱਲੋਂ ਦਰਖਾਸਤ ਦਿੱਤੀ ਗਈ ਪਰ ਸਿਵਾਏ ਲਾਰਿਆ ਦੇ ਮਸਲੇ ਦਾ ਹੱਲ ਨਹੀਂ ਕੀਤਾ, ਜਿਸ ਕਾਰਨ ਜਥੇਬੰਦੀ ਨੂੰ ਜੋਗਾ ਥਾਣੇ ਅੱਗੇ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ। ਧਰਨੇ ਵਿੱਚ ਆ ਕੇ ਡੀਐਸਪੀ ਪੁਸ਼ਪਿੰਦਰ ਸਿੰਘ ਨੇ ਵਿਸ਼ਵਾਸ ਦਿੱਤਾ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ, ਜਿਸ ਬਾਅਦ ਜਥੇਬੰਦੀ ਵੱਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਜਗਰਾਜ ਸਿੰਘ ਮਾਨਸਾ, ਮਹਿੰਦਰ ਸਿੰਘ, ਲਾਭ ਸਿੰਘ ਖੋਖਰ, ਜਸਵੰਤ ਸਿੰਘ ਉੱਭਾ, ਸੁਖਦੇਵ ਸਿੰਘ ਬੁਰਜ ਹਰੀ, ਸੁਰਜੀਤ ਸਿੰਘ ਕੋਟ ਲੱਲੂ ਨੇ ਧਰਨੇ ਨੂੰ ਸੰਬੋਧਨ ਕੀਤਾ।