ਭਾਕਿਯੂ (ਏਕਤਾ) ਡਕੌਂਦਾ ਵੱਲੋਂ 14 ਤੋਂ ਦਿੱਤਾ ਜਾਵੇਗਾ ਥਾਣਾ ਜੋਗਾ ਅੱਗੇ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ
Publish Date: Wed, 07 Jan 2026 07:56 PM (IST)
Updated Date: Thu, 08 Jan 2026 04:09 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪਿੰਡ ਇਕਾਈ ਰੱਲਾ ਅਤੇ ਡੇਰਾ ਕਮੇਟੀ ਵੱਲੋਂ ਪਿੰਡ ਦੇ ਵਿਅਕਤੀਆਂ ਉੱਤੇ ਕੀਤੇ ਝੂਠੇ ਪਰਚਿਆਂ ਦੇ ਸੰਬੰਧ ਵਿੱਚ ਸਾਂਝੀ ਮੀਟਿੰਗ ਡੇਰਾ ਬਾਬਾ ਮਸਤ ਰਾਮ ਰੱਲਾ ਵਿਖੇ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਰੱਲਾ ’ਚ ਪਿਛਲੇ ਸਾਲਾਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਵਿਵਾਦ ਦੇ ਚਲਦਿਆਂ 18 ਅਕਤੂਬਰ ਨੂੰ ਰੱਲਾ ਦੇ ਕਿਸਾਨਾਂ ਉੱਤੇ ਪੁਲਿਸ ਪ੍ਰਸ਼ਾਸਨ ਵੱਲੋਂ ਧਾਰਾ 307 ਤਹਿਤ ਝੂਠੇ ਪਰਚੇ ਦਰਜ ਕੀਤੇ ਸਨ । ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਬੀਤੀ 29 ਦਸੰਬਰ ਨੂੰ ਥਾਣਾ ਜੋਗਾ ਅੱਗੇ ਧਰਨਾ ਦੇਣ ਦਾ ਪਿੰਡ ਵਾਸੀਆਂ ਅਤੇ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਪ੍ਰਸ਼ਾਸਨ ਵੱਲੋਂ ਪਰਚਾ ਰੱਦ ਕਰਨ ਦਾ ਵਿਸ਼ਵਾਸ ਦਵਾਉਣ ਉੱਤੇ 29 ਦਸੰਬਰ ਦਾ ਧਰਨਾ ਮੁਲਤਵੀ ਕੀਤਾ ਗਿਆ ਸੀ। ਹੁਣ ਤਕਰੀਬਨ 10 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਪਰਚੇ ਰੱਦ ਨਹੀਂ ਕੀਤੇ ਗਏ । ਅੱਜ ਦੀ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਸਾਂਝੇ ਤੌਰ ‘ਤੇ ਐਲਾਨ ਕੀਤਾ ਕਿ ਕਿਸਾਨਾਂ ਉੱਤੇ ਪਾਏ ਝੂਠੇ ਪਰਚੇ ਬੇਬੁਨਿਆਦ ਅਤੇ ਲੋਕ ਆਵਾਜ਼ ਨੂੰ ਦੱਬਣ ਦਾ ਇੱਕ ਪੈਂਤੜਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਵਿਸ਼ਵਾਸਘਾਤ ਦੇ ਵਿਰੋਧ ’ਚ 14 ਜਨਵਰੀ ਤੋਂ ਥਾਣਾ ਜੋਗਾ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਸਮੇਂ ਮੌਜੂਦ ਡੇਰਾ ਕਮੇਟੀ ਰੱਲਾ ਦੇ ਆਗੂ ਸੁਦਾਗਰ ਸਿੰਘ ਨੇ ਪ੍ਰਸ਼ਾਸਨ ਤੋਂ ਕੋਝੀ ਰਾਜਨੀਤੀ ਤਹਿਤ ਦਰਜ ਕੀਤੇ ਹੋਏ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪਿੰਡ ਕਮੇਟੀ ਦੇ ਪ੍ਰਧਾਨ ਗੁਰਜੀਤ ਸਿੰਘ ਸਮੇਤ ਤਾਰਾ ਸਿੰਘ, ਗੁਰਦੇਵ ਸਿੰਘ ਬਰਾੜ, ਮਨੀ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਪਾਲ ਸਿੰਘ, ਬੂਟਾ ਸਿੰਘ, ਮਿੱਠੂ ਦਾਸ, ਗੁਰਪਿਆਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ, ਦਰਸ਼ਨ ਪਾਲ ਸਿੰਘ ਅਤੇ ਜਗਜੀਤ ਸਿੰਘ ਵੀ ਮੌਜੂਦ ਰਹੇ ।