ਭਾਕਿਯੂ ਏਕਤਾ ਡਕੌਂਦਾ ਅੱਜ ਕਰੇਗੀ ਮੋਟਰਸਾਈਕਲ ਮਾਰਚ
ਕੇਂਦਰ ਸਰਕਾਰ ਵੱਲੋਂ ਭੇਜੇ ਬਿਜਲੀ ਸੋਧ ਬਿਲ
Publish Date: Mon, 12 Jan 2026 05:56 PM (IST)
Updated Date: Tue, 13 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭੀਖੀ : ਕੇਂਦਰ ਸਰਕਾਰ ਵੱਲੋਂ ਭੇਜੇ ਬਿਜਲੀ ਸੋਧ ਬਿੱਲ-2025, ਬੀਜ ਬਿਲ ਤੇ ਚਾਰ ਕਿਰਤ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਲੋਕਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਜ਼ੋਰਾਂ-ਸ਼ੋਰਾਂ ’ਤੇ ਹੈ। ਅੱਜ ਭੀਖੀ ਬਲਾਕ ਦੇ ਪਿੰਡ ਖੀਵਾ ਕਲਾਂ ਅਤੇ ਹਮੀਰਗੜ੍ਹ ਢੈਪਈ ਵਿੱਚ ਜਥੇਬੰਦੀ ਵੱਲੋਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਮੇਂ-ਸਮੇਂ ਉੱਤੇ ਟੇਢੇ-ਵਿੰਗੇ ਢੰਗਾਂ ਰਾਹੀਂ ਲੋਕਾਂ ਦੀ ਕਿਰਤ ਲੁੱਟੀ ਜਾ ਰਹੀ ਹੈ। ਹੁਣ ਫਿਰ ਕੇਂਦਰ ਸਰਕਾਰ ਵੱਲੋਂ ਦਿੱਲੀ ਘੋਲ ਸਮੇਂ ਵਾਪਸ ਲਏ ਬਿਜਲੀ ਸੋਧ ਬਿੱਲ 2020 ਵਿੱਚ ਹੋਰ ਸੋਧਾਂ ਕਰਕੇ ਬਿਜਲੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਢੰਗ ਅਖਤਿਆਰ ਕਰਦੇ ਹੋਏ ਕਰਾਸ ਸਬਸਿਡੀ, ਸਲੈਬ ਸਿਸਟਮ, ਨਿੱਜੀ ਕੰਪਨੀਆਂ ਨੂੰ ਸਰਕਾਰੀ ਢਾਂਚਾ ਵਰਤਣ ਦੀ ਖੁੱਲ੍ਹ ਤੇ ਤਰ੍ਹਾਂ-ਤਰ੍ਹਾਂ ਦੀਆਂ ਕੁੰਢੀਆਂ ਰਾਹੀਂ ਲੋਕਾਂ ਉੱਤੇ ਆਰਥਿਕ ਬੋਝ ਪਾਉਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਮਲਟੀ ਨੈਸ਼ਨਲ ਕੰਪਨੀਆਂ ਨੂੰ ਭਾਰਤ ਦੀ ਮੰਡੀ ’ਚ ਉਤਾਰਨ ਲਈ ਕੇਂਦਰ ਸਰਕਾਰ ਪੱਬਾਂ ਭਾਰ ਹੈ, ਉਥੇ ਹੀ ਸੂਬਾ ਸਰਕਾਰ ਵੱਲੋਂ ਵੀ ਜਬਰੀ ਸਮਾਰਟ ਮੀਟਰ ਲਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਬੀਜ ਬਿਲ ਦੇ ਸਬੰਧ ਵਿੱਚ ਬੋਲਦਿਆਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸੱਤਾਧਾਰੀ ਸਰਕਾਰਾਂ ਵੱਲੋਂ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਭੋਗ ਪਾ ਕੇ ਉਨ੍ਹਾਂ ਦੇ ਬਦਲੇ ਵਿੱਚ ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਅਜਾਰੇਦਾਰੀ ਕਾਇਮ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਖੇਤੀਬਾੜੀ ’ਵਰਸਿਟੀ ਤੇ ਬਾਗਬਾਨੀ ਵਿਭਾਗ ਦੀ ਤਕਰੀਬਨ 1400 ਏਕੜ ਜਮੀਨ ਦੀ ਨਿਸ਼ਾਨਦੇਹੀ ਕਰਨਾ ਬਹੁਕੌਮੀ ਕੰਪਨੀਆਂ ਨੂੰ ਮੁਨਾਫਾ ਕਮਾਉਣ ਦੀ ਖੁੱਲ੍ਹ ਦੇਣਾ ਹੈ। ਉਨ੍ਹਾਂ ਕਿਹਾ ਕਿ ਬੀਜਾਂ ਉੱਤੇ ਕਬਜ਼ਾ ਕਰਵਾ ਕੇ ਜਿੱਥੇ ਸਰਕਾਰ ਲੋਕਾਂ ਨੂੰ ਜ਼ਮੀਨਾਂ ’ਚੋਂ ਬਾਹਰ ਕਰਨਾ ਚਾਹੁੰਦੀ ਹੈ, ਉਥੇ ਹੀ ਫ਼ਸਲਾਂ ਦੇ ਮੁਆਵਜ਼ੇ ਬਾਰੇ ਬਿੱਲ ਵਿੱਚ ਕੋਈ ਵੀ ਜ਼ਿਕਰ ਨਾ ਕਰਨਾ ਸਰਕਾਰ ਦੀ ਕਹਿਣੀ ਅਤੇ ਕਰਨੀ ਦੇ ਅੰਤਰ ਨੂੰ ਪ੍ਰਗਟਾਉਂਦਾ ਹੈ । ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦੇ ਵਿਰੋਧ ਵਿੱਚ ਕੱਲ੍ਹ 13 ਜਨਵਰੀ ਨੂੰ ਬਲਾਕ ਭੀਖੀ ਵਿੱਚ ਮੋਟਰਸਾਈਕਲ ਮਾਰਚ ਕਰਕੇ ਲੋਕਾਂ ਨੂੰ ਪਿੰਡੋ ਪਿੰਡੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਸੰਯੁਕਤ ਕਿਸਾਨ ਮੋਰਚੇ ਦੇ 16 ਜਨਵਰੀ ਨੂੰ ਡੀਸੀ ਦਫਤਰਾਂ ਅੱਗੇ ਕੀਤੇ ਜਾ ਰਹੇ ਇਕੱਠ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਈ ਜਾ ਸਕੇ । ਇਸ ਮੌਕੇ ਬਲਾਕ ਆਗੂ ਬਾਵਾ ਸਿੰਘ, ਅਵਤਾਰ ਸਿੰਘ ਸਮੇਤ ਕਰਨੈਲ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਗਮਦੂਰ ਸਿੰਘ, ਬਲਵਿੰਦਰ ਸਿੰਘ, ਲਾਭ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰ ਮੌਜੂਦ ਰਹੇ।