- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਮਾਨਸਾ ਦੇ ਸੱਦੇ ‘ਤੇ ਇਕੱਠੇ ਹੋਏ ਕਿਸਾਨ ਮਰਦ, ਔਰਤਾਂ ਨੇ ਮਾਨਸਾ ਐਸਐਸਪੀ ਦਫ਼ਤਰ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਵਿਰੋਧੀ ਨਾਅਰੇਬਾਜ਼ੀ ਕੀਤੀ। ਕਿਸਾਨ ਮੰਗ ਕਰ ਰਹੇ ਸਨ ਕਿ ਪਿੰਡ ਕੁੱਲਰੀਆਂ ਦੇ ਕਿਸਾਨ ਵਰਕਰਾਂ ਅਤੇ ਜਥੇਬੰਦੀ ਦੇ ਸੂਬਾ ਆਗੂਆਂ ਤੇ ਬਣਾਏ ਕੇਸ ਵਾਪਸ ਲਏ ਜਾਣ ਅਤੇ ਜ਼ੇਲ੍ਹ ਭੇਜੇ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਆਗੂਆਂ ਨੇ ਕਿਹਾ ਕਿ ਪਿੰਡ ਕੁਲਰੀਆਂ ਵਿੱਚ ਜੁਮਲਾ ਮਸ਼ਤਰਕਾ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਜਥੇਬੰਦੀ ਦਾ ਲਗਾਤਾਰ ਸੰਘਰਸ਼ ਚੱਲ ਰਿਹਾ ਹੈ । ਸਰਕਾਰ ਜੱਦੀ ਪੁਸ਼ਤੀ ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖਲ ਕਰਨਾ ਚਾਹੁੰਦੀ ਸੀ, ਪਰ ਜਥੇਬੰਦੀ ਦੇ ਸੰਘਰਸ਼ ਸਦਕਾ ਕਿਸਾਨ ਮੁੜ ਜ਼ਮੀਨ ਤੇ ਕਾਬਜ਼ ਹੋ ਕੇ ਕਾਸ਼ਤ ਕਰਨ ਲੱਗੇ ਹਨ। ਇਸ ‘ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦਿਆਂ ਕਿਸਾਨਾਂ ਤੇ ਕਬਜ਼ਾ ਕਰਨ ਦੇ ਝੂਠੇ ਮੁਕਦਮੇ ਬਣਾਏ ਗਏ ਹਨ, ਜਿਸ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਦਰਜਨਾਂ ਕਿਸਾਨ ਸ਼ਾਮਲ ਹਨ। ਇਸੇ ਤਰ੍ਹਾਂ ਕਿਸਾਨ ਵਰਕਰ ਗੁਰਪ੍ਰੀਤ ਸਿੰਘ ਨੂੰ ਵੀ ਬੇਵਜ੍ਹਾ ਇੱਕ ਮੁਕਦਮੇ ਵਿੱਚ ਸ਼ਾਮਲ ਕਰਕੇ ਜ਼ੇਲ੍ਹ ਭੇਜਿਆ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਇਸ ਨੂੰ ਤੁਰੰਤ ਡਿਸਚਾਰਜ ਕਰਵਾਇਆ ਜਾਵੇ।
ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਉਲਟ ਚੱਲ ਰਹੀ ਹੈ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਨਾਲ ਹੀ ਬੇਗੁਨਾਹ ਲੋਕਾਂ ਨੂੰ ਮੁਕੱਦਮਿਆਂ ਵਿੱਚ ਜਾਣ ਬੁੱਝ ਕੇ ਫ਼ਸਾਇਆ ਜਾ ਰਿਹਾ ਹੈ। ਜੱਥੇਬੰਦੀ ਨਾਲ ਸਬੰਧਤ ਕਈ ਕਿਸਾਨ ਪਰਿਵਾਰਾਂ ਦੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ।
ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਅਤੇ ਤਾਰਾ ਚੰਦ ਬਰੇਟਾ ਨੇ ਕਿਹਾ ਕਿ ਪਿੰਡ ਪਿੱਪਲੀਆਂ ਦੇ ਇੱਕ ਕਿਸਾਨ ਨਾਲ 42 ਲੱਖ ਰੁਪਏ ਦੀ ਠੱਗੀ ਮਾਰਨ ਦੇ ਸਿਟੀ ਥਾਣਾ ਬੁਢਲਾਡਾ ਵੱਲੋਂ ਕੀਤੇ ਦਰਜ ਕੇਸ ਵਿੱਚ ਕੋਈ ਵੀ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ । ਪਿੰਡ ਅਹਿਮਦਪੁਰ ਵਿੱਚ ਦੋ ਅੰਨ੍ਹੇ ਕਤਲ ਹੋਏ ਸਨ, ਜਿੰਨਾ ਨੂੰ ਅੱਜ ਦੋ ਸਾਲ ਹੋ ਚੁੱਕੇ ਹਨ ਪਰੰਤੂ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਆਗੂਆਂ ਨੇ ਡੀਐਸਪੀ ਬੂਟਾ ਸਿੰਘ ਰਾਹੀਂ ਐਸਐਸਪੀ ਮਾਨਸਾ ਦੇ ਨਾਮ ਇੱਕ ਮੰਗ ਪੱਤਰ ਸੌਂਪ ਮੰਗਾਂ ਨੂੰ ਜਲਦੀ ਲਾਗੂ ਕਰਨ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਲਾਗੂ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਮੀਤ ਪ੍ਰਧਾਨ ਤਰਸੇਮ ਸਿੰਘ ਚੱਕ ਅਲੀਸ਼ੇਰ, ਮੀਤ ਪ੍ਰਧਾਨ ਦਰਸ਼ਨ ਸਿੰਘ ਗੁਰਨੇ ਕਲਾਂ, ਜ਼ਿਲ੍ਹਾ ਖ਼ਜ਼ਾਨਚੀ ਦੇਵੀ ਰਾਮ ਰੰਘੜਿਆਲ, ਬਲਵਿੰਦਰ ਸ਼ਰਮਾ, ਬਲਦੇਵ ਸਿੰਘ ਪਿੱਪਲੀਆਂ, ਬਲਜੀਤ ਸਿੰਘ ਭੈਣੀ ਬਾਘਾ, ਤੇਜਾ ਸਿੰਘ ਰਾਮਾਨੰਦੀ, ਜਸਪਾਲ ਸਿੰਘ ਉੱਭਾ, ਮੇਲਾ ਸਿੰਘ ਦਿਆਲਪੁਰਾ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਕਰਨੈਲ ਸਿੰਘ ਖੀਵਾ, ਸੌਦਾਗਰ ਸਿੰਘ ਰੱਲਾ, ਸਿਕੰਦਰ ਸਿੰਘ ਖਿਆਲਾ ਆਦਿ ਨੇ ਸੰਬੋਧਨ ਕੀਤਾ ।