ਭਾਕਿਯੂ ਏਕਤਾ ਡਕੌਂਦਾ ਨੇ ਪਿੰਡਾਂ ’ਚ ਕੀਤਾ ਮੋਟਰਸਾਈਕਲ ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Tue, 13 Jan 2026 06:08 PM (IST)
Updated Date: Wed, 14 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭੀਖੀ ਬਲਾਕ ਦੇ ਪਿੰਡਾਂ ਵਿੱਚ ਮੋਦੀ ਸਰਕਾਰ ਵੱਲੋਂ ਭੇਜੇ ਤਿੰਨ ਬਿਲਾਂ ਦੇ ਵਿਰੋਧ ਵਿੱਚ ਮੋਟਰਸਾਈਕਲ ਮਾਰਚ ਕੀਤਾ, ਜਿਸ ’ਚ ਵੱਡੀ ਗਿਣਤੀ ਵਿੱਚ ਕਿਰਤੀਆਂ ਨੇ ਸ਼ਮੂਲੀਅਤ ਕੀਤੀ। ਮੋਟਰਸਾਈਕਲ ਮਾਰਚ ਡੇਰਾ ਬਾਬਾ ਜੋਗੀ ਪੀਰ ਤੋਂ ਸ਼ੁਰੂ ਹੋ ਕੇ ਰੱਲਾ, ਜੋਗਾ, ਅਕਲੀਆ, ਰੜ੍ਹ, ਮਾਖਾ, ਅਨੂਪਗੜ੍ਹ, ਅਲੀਸ਼ੇਰ ਕਲਾਂ, ਅਲੀਸ਼ੇਰ ਖੁਰਦ, ਅਤਲਾ ਕਲਾਂ, ਅਤਲਾ ਖੁਰਦ, ਸਮਾਓਂ ਹੁੰਦਾ ਹੋਇਆ ਭੀਖੀ ਕਸਬੇ ਦੇ ਮੁੱਖ ਚੌਕ ਵਿੱਚ ਸਮਾਪਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀ ਲੁੱਟ ਕਰਨ ਲਈ ਬਿਜਲੀ ਸੋਧ ਬਿਲ 2025, ਬੀਜ ਬਿਲ 2025 ਅਤੇ ਚਾਰ ਕਿਰਤ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ। ਬਿਜਲੀ ਬਿੱਲ ਦੇ ਲਾਗੂ ਹੋਣ ਨਾਲ, ਜਿੱਥੇ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਉੱਥੇ ਹੀ ਕਾਰਪੋਰੇਟ ਕੰਪਨੀਆਂ ਲਈ ਇਕ ਮੁਨਾਫੇ ਦੀ ਵਸਤੂ ਬਣ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਦੇ ਨਾਲ ਲੋਕਾਂ ‘ਤੇ ਵੱਡਾ ਆਰਥਿਕ ਬੋਝ ਪਵੇਗਾ। ਬੀਜ ਬਿੱਲ ਬਾਰੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਭੇਜਿਆ ਬੀਜ ਬਿਲ ਅਸਲ ਵਿੱਚ ਬਹੁ ਕੌਮੀ ਕੰਪਨੀਆਂ ਨੂੰ ਭਾਰਤ ਵਿੱਚ ਦਾਖਲੇ ਦਾ ਇੱਕ ਰਾਹ ਹੈ। ਜਿੱਥੇ ਇਸ ਬਿੱਲ ’ਚ ਮਲਟੀਨੈਸ਼ਨਲ ਕੰਪਨੀਆਂ ਨੂੰ ਬਿਨਾਂ ਕਿਸੇ ਰਜਿਸਟਰੇਸ਼ਨ ਦੇ ਬੀਜ ਵੇਚਣ ਦੀ ਖੁੱਲ੍ਹ ਹੈ, ਉੱਥੇ ਹੀ ਕਿਸਾਨਾਂ ਦੇ ਫ਼ਸਲ ਬਰਬਾਦ ਹੋ ਜਾਣ ‘ਤੇ ਮੁਆਵਜੇ ਦੀ ਰਾਸ਼ੀ ਬਾਰੇ ਕੋਈ ਵੀ ਜ਼ਿਕਰ ਨਹੀਂ ਹੈ। ਸੂਬਾ ਸਰਕਾਰ ਵੀ ਜਿੱਥੇ ਕੇਂਦਰ ਸਰਕਾਰ ਦੇ ਦੱਸੇ ਰਾਹਾਂ ’ਤੇ ਚਲਦਿਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਅਤੇ ਬਾਗਬਾਨੀ ਵਿਭਾਗ ਦੀ ਤਕਰੀਬਨ 15 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਵੇਚਣ ਲਈ ਉਤਾਰੂ ਹੈ, ਉੱਥੇ ਹੀ ਇਸ ਬਿੱਲ ਦੇ ਵਿਰੋਧ ਵਿੱਚ ਪੂਰੀ ਤਰ੍ਹਾਂ ਚੁੱਪ ਹੈ।
ਮੰਗਲਵਾਰ ਨੂੰ ਕੱਢੇ ਮੋਟਰਸਾਈਕਲ ਮਾਰਚ ਦੌਰਾਨ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 16 ਜਨਵਰੀ ਨੂੰ ਡੀਸੀ ਦਫ਼ਤਰ ਮਾਨਸਾ ਵਿਖੇ ਹੋ ਰਹੇ ਵਿਸ਼ਾਲ ਇਕੱਠ ਵਿੱਚ ਪਹੁੰਚਣ ਲਈ ਪਿੰਡੋ ਪਿੰਡੀ ਹੋਕਾ ਦਿੱਤਾ ਗਿਆ। ਅੱਜ ਦੇ ਮਾਰਚ ਵਿੱਚ ਵਿਸ਼ੇਸ਼ ਤੌਰ ਤੇ ਬਲਾਕ ਪ੍ਰਧਾਨ ਬਾਵਾ ਸਿੰਘ ਖੀਵਾ ਕਲਾਂ, ਕਾਲਾ ਸਿੰਘ ਅਕਲੀਆ, ਬਲਜੀਤ ਸਿੰਘ ਭੈਣੀ ਬਾਘਾ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਬੂਟਾ ਸਿੰਘ ਅਤਲਾ ਕਲਾਂ, ਦਰਸ਼ਨ ਸਿੰਘ ਰੜ, ਗੁਰਜੀਤ ਸਿੰਘ ਰੱਲਾ, ਲਾਭ ਸਿੰਘ ਢੈਪੱਈ, ਪੱਪੀ ਸਿੰਘ ਅਲੀਸ਼ੇਰ ਕਲਾਂ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ।