- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜੇ ਤਿੰਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜੇ ਤਿੰਨ ਲੋਕ ਵਿਰੋਧੀ ਬਿੱਲਾਂ ਬਿਜਲੀ ਸੋਧ ਬਿੱਲ-2025, ਬੀਜ ਬਿੱਲ 2025 ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਵਿਰੋਧ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਲਈ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਇਹ ਮਾਰਚ ਮਾਨਸਾ ਕੈਂਚੀਆਂ ਤੋਂ ਸੁਰੂ ਹੋ ਕੇ ਖਿਆਲਾ, ਲੱਲੂਆਣਾ, ਚਕੇਰੀਆਂ, ਜਵਾਹਰਕੇ, ਮੂਸਾ, ਸੱਦਾ ਸਿੰਘ ਵਾਲਾ, ਕੋਟਲੀ ਕਲਾਂ, ਖੜਕ ਸਿੰਘ ਵਾਲਾ, ਬੁਰਜ ਢਿੱਲਵਾਂ, ਉੱਭਾ ਹੁੰਦਾ ਹੋਇਆ ਬੁਰਜ ਹਰੀਕੇ ਸਮਾਪਤ ਕੀਤਾ ਗਿਆ। ਮਾਰਚ ਵਿੱਚ ਕਿਰਤੀਆਂ ਵੱਲੋਂ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਮੋਦੀ ਸਰਕਾਰ ਸਾਮਰਾਜੀ ਮੁਲਕਾਂ ਦੇ ਰਾਹਾਂ ’ਤੇ ਚਲਦਿਆਂ ਲੋਕਾਂ ’ਤੇ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਲੋਕਾਂ ਦੀ ਅੱਤ ਦੀ ਮਹਿੰਗਾਈ ਵਿੱਚ ਕਿਰਤ ਲੁੱਟਣ ਦਾ ਰਾਹ ਪੱਧਰਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਵੰਡ ਬਿੱਲ ਰਾਹੀਂ ਜਿੱਥੇ ਸਰਕਾਰੀ ਢਾਂਚਾ ਮਲਟੀਨੈਸ਼ਨਲ ਕੰਪਨੀਆਂ ਨੂੰ ਸੌਂਪਣ ਜਾ ਰਹੀ ਹੈ, ਉਥੇ ਹੀ ਪ੍ਰੀਪੇਡ ਮੀਟਰਾਂ ਨੂੰ ਲਾਗੂ ਕਰ ਕੇ ਸੂਬਾ ਸਰਕਾਰ ਦੀਆਂ ਸਕੀਮਾਂ ਜਿਵੇਂ ਕਿ ਕਰਾਸ ਸਬਸਿਡੀ, ਸਲੈਬ ਸਿਸਟਮ, ਤਿੰਨ ਸੌ ਯੂਨਿਟ ਮਹੀਨਾ ਬਿਜਲੀ, ਮੋਟਰਾਂ ਦੇ ਬਿੱਲ ਲਾਗੂ ਕਰਨੇ ਆਦਿ ਨੂੰ ਖ਼ਤਮ ਕਰਨ ਜਾ ਰਹੀ ਹੈ। ਇਸ ਬਿੱਲ ਰਾਹੀਂ ਵਾਧੂ ਖਰਚੇ ਥੋਪ ਕੇ ਲੋਕਾਂ ਦੀ ਪ੍ਰਾਈਵੇਟ ਕੰਪਨੀਆਂ ਵੱਲੋਂ ਲੋਕਾਂ ਦੀ ਕਿਰਤ ਦੀ ਲੁੱਟ ਕੀਤੀ ਜਾਵੇਗੀ। ਬੀਜ ਬਿੱਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਬੀਜਾਂ ’ਤੇ ਕੰਪਨੀਆਂ ਦਾ ਨੇੜ ਭਵਿੱਖ ਵਿੱਚ ਕਬਜ਼ਾ ਕਰਵਾ ਕੇ ਕਿਸਾਨਾਂ ਨੂੰ ਜ਼ਮੀਨਾਂ ‘ਚੋਂ ਬਾਹਰ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਖ਼ਤਮ ਕਰਕੇ ਪ੍ਰਾਈਵੇਟ ਕੰਪਨੀਆਂ ਨੂੰ ਖੁੱਲ੍ਹ ਦੇ ਰਹੀ ਹੈ, ਜਿਸਦਾ ਸਾਫ਼ ਮਤਲਬ ਮਲਟੀ ਨੈਸ਼ਨਲ ਕੰਪਨੀਆਂ ਨੂੰ ਮਾਰਕਿਟ ਵਿੱਚ ਉਤਾਰ ਕੇ ਸਰਕਾਰੀ ਢਾਂਚੇ ਨੂੰ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਬਿੱਲ ਦੇ ਸੈਕਸ਼ਨ 37 ਦੇ ਅਨੁਸਾਰ ਕਿਸਾਨ ਨੂੰ ਸ਼ਿਕਾਇਤ ਕਰਨ ਦੀ ਪਹੁੰਚ ਇਕੱਲੇ ਇਸਪੈਕਟਰ ਤੱਕ ਹੈ, ਜਿਸ ਤੋਂ ਸਾਫ਼ ਹੈ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਕੋਹਾਂ ਕੋਹਾਂ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਗਨਰੇਗਾ ਨੂੰ ਖ਼ਤਮ ਕਰਕੇ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਦੇ ਵਿਰੋਧ ਵਿੱਚ ਪੇਸ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਐਸਕੇਐਮ ਦੇ ਸੱਦੇ ‘ਤੇ 16 ਜਨਵਰੀ ਨੂੰ ਕੀਤਾ ਜਾ ਰਿਹਾ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਦੁਕਾਨਦਾਰਾਂ ਦਾ ਏਕਾ, ਕੇਂਦਰ ਸਰਕਾਰ ਦੇ ਲਏ ਲੋਕ ਵਿਰੋਧੀ ਫ਼ੈਸਲਿਆਂ ਨੂੰ ਪਿੱਛੇ ਮੋੜਨ ਲਈ ਮਜ਼ਬੂਰ ਕਰੇਗੀ। ਇਸ ਮੌਕੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਕੋਟਲੀ ਸਮੇਤ ਚੇਤ ਸਿੰਘ ਚਕੇਰੀਆਂ, ਜਗਤਾਰ ਸਿੰਘ ਬੁਰਜ ਹਰੀ, ਸਿਕੰਦਰ ਸਿੰਘ, ਵਰਿਆਮ ਸਿੰਘ ਖਿਆਲਾ ਕਲਾਂ, ਮੱਖਣ ਸਿੰਘ ਖੜਕ ਸਿੰਘ ਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ ।