ਡੇਰਾ ਜੋਗੀਪੁਰ ਵਿਖੇ ਭਾਕਿਯੂ ਏਕਤਾ ਡਕੌਂਦਾ ਵੱਲੋਂ ਵਿਚਾਰਾਂ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Tue, 17 Feb 2026 06:10 PM (IST)
Updated Date: Wed, 18 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਜ਼ਿਲ੍ਹੇ ਦੀ ਸਿੱਖਿਅਤ ਮੀਟਿੰਗ ਬਾਬਾ ਜੋਗੀਪੀਰ ਰੱਲਾ ਵਿਖੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ’ਚ ਕੀਤੀ। ਮੀਟਿੰਗ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸ਼ਮੂਲੀਅਤ ਕੀਤੀ। ਵੱਖ-ਵੱਖ ਬੁਲਾਰਿਆਂ ਵੱਲੋਂ ਜਥੇਬੰਦਕ ਢਾਂਚੇ ਦੀ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਜੱਦੋਜਹਿਦ ਬਾਰੇ ਕਿਰਤੀ ਲੋਕਾਂ ਨੂੰ ਜਥੇਬੰਦੀ ਦੇ ਅਨੁਸ਼ਾਸਨ ਤੇ ਕਾਰਜਕਾਰੀ ਸੇਧ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਜਥੇਬੰਦੀ ਦੇ ਪਿਛੋਕੜ ’ਤੇ ਚੱਲ ਰਹੇ ਸੰਘਰਸ਼ਾਂ ਤੋਂ ਜਾਣੂ ਕਰਵਾਇਆ। ਅਜੋਕੇ ਸਮੇਂ ਕਿਰਤੀ ਲੋਕਾਂ ਲਈ ਆਪਣੀ ਹੋਂਦ ਤੇ ਕਿਰਤ ਦੀ ਰਾਖੀ ਲਈ ਇੱਕੋ ਇੱਕ ਢਾਂਚਾ ਜਥੇਬੰਦਕ ਢਾਂਚਾ ਹੀ ਆਖ਼ਰੀ ਆਸ ਹੈ। ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਆਗੂ ਤੇ ਵਰਕਰਾਂ ਨੂੰ ਸੱਤਾ ਧਿਰ ਵੱਲੋਂ ਬੋਲੇ ਜਾ ਰਹੇ ਹਮਲਿਆਂ, ਬਿਜਲੀ ਸੋਧ ਬਿੱਲ-2025, ਬੀਜ ਬਿੱਲ-2025, ਚਾਰ ਕਿਰਤ ਕਾਨੂੰਨ, ਮਗਨਰੇਗਾ ਸਕੀਮ ਦਾ ਖ਼ਾਤਮਾ ਅਤੇ ਇੰਡੋ-ਅਮਰੀਕਾ ਵਪਾਰ ਸਮਝੌਤੇ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਵਪਾਰਕ ਸਮਝੌਤੇ ਨਾਲ ਸਾਮਰਾਜੀ ਮੁਲਕਾਂ ਨੂੰ ਵੱਡੀ ਮੰਡੀ ਦੀ ਭਾਲ ਪੂਰ੍ਹੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੀਆਂ ਮਲਟੀ ਨੈਸ਼ਨਲ ਕੰਪਨੀਆਂ ਆਰਚਰ, ਡਰੇਫ਼ਸ, ਕਾਰਗਿਲ ਵਰਗੀਆਂ ਜੋ ਦੁਨੀਆ ਦੇ ਤਕਰੀਬਨ 75 ਫ਼ੀਸਦੀ ਜ਼ਮੀਨ ’ਤੇ ਕਾਬਜ਼ ਹਨ, ਨਾਲ ਦੇਸ਼ ਦੇ ਗਰੀਬ ਕਿਸਾਨ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤਾਧਿਰ ’ਚ ਬੈਠੀ ਹਕੂਮਤ ਨੂੰ ਇਹ ਸਮਝੌਤਾ ਲਾਗੂ ਕਰਨ ਤੋਂ ਪਹਿਲਾਂ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੀ ਹਾਸ਼ੀਏ ’ਤੇ ਧੱਕੀ ਕਿਸਾਨੀ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇੰਡੋ ਅਮਰੀਕਾ ਵਪਾਰਕ ਸਮਝੌਤਾ ਅਸਲ ਵਿੱਚ ਖੇਤੀ, ਡੇਅਰੀ ਆਦਿ ਲਈ ਉਜਾੜੇ ਦਾ ਇਕ ਰਾਹ ਹੈ। ਇਸ ਲਈ ਸੰਘਰਸ਼ ਕਰਨਾ ਜਥੇਬੰਦੀਆਂ ਦਾ ਮੁੱਢਲਾ ਕਾਰਜ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਵਰਗ ਕਿਸਾਨ, ਮਜ਼ਦੂਰ, ਦੁਕਾਨਦਾਰ, ਵਪਾਰੀ ਤੇ ਮੁਲਾਜ਼ਮ ਵਰਗ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਠੇ ਹੋ ਕੇ ਵੱਡੇ ਸੰਘਰਸ਼ ਨੂੰ ਖੜ੍ਹਾ ਕਰਨਾ ਮੌਜੂਦਾ ਸਮੇਂ ਦੀ ਅਨਸਰਦੀ ਲੋੜ ਹੈ। ਇਸ ਮੌਕੇ ਤਾਰਾ ਚੰਦ ਬਰੇਟਾ ਵੱਲੋਂ ਸਟੇਜ ਦੀ ਕਾਰਵਾਈ ਸੰਭਾਲੀ ਗਈ। ਜ਼ਿਲ੍ਹਾ ਮੀਤ ਪ੍ਰਧਾਨ ਜਗਦੇਵ ਸਿੰਘ ਕੋਟਲੀ, ਬਲਕਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਹਰਬੰਸ ਸਿੰਘ ਟਾਂਡੀਆਂ, ਗੁਰਚਰਨ ਸਿੰਘ ਅਲੀਸ਼ੇਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਰਹੇ।