ਭਾਕਿਯੂ ਏਕਤਾ ਡਕੌਂਦਾ 30 ਜਨਵਰੀ ਨੂੰ ਕਰੇਗੀ ਰੋਸ ਮੁਜ਼ਾਹਰਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ,
Publish Date: Mon, 19 Jan 2026 06:23 PM (IST)
Updated Date: Tue, 20 Jan 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਜਿਸ ਦੀ ਅਗਵਾਈ ਮਨਜੀਤ ਸਿੰਘ ਧਨੇਰ ਕਰ ਰਹੇ ਹਨ, ਦੀ ਐਮਰਜੈਂਸੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਮੁੱਖ ਤੌਰ ‘ਤੇੇ ਪਿੰਡ ਕੁੱਲਰੀਆਂ ਦੇ ਕਿਸਾਨ, ਮਰਦ ਅਤੇ ਔਰਤਾਂ ‘ਤੇ ਪਾਏ ਝੂਠੇ ਪਰਚਿਆਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜੱਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੁਲਰੀਆਂ ਦੇ ਜ਼ਮੀਨੀ ਘੋਲ ਵਿੱਚ ਵਰਕਰ ਆਗੂ ਅਤੇ ਔਰਤਾਂ ਤੇ ਪਾਏ ਝੂਠੇ ਕੇਸਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੀ 30 ਜਨਵਰੀ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਮਾਨਸਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਦੂਸਰੇ ਏਜੰਡੇ ਵਜੋਂ ਪਿੰਡ ਰੱਲਾ ਦੇ ਕਿਸਾਨਾਂ ‘ਤੇ ਪਾਏ ਇਰਾਦਾ ਕਤਲ ਦੇ ਝੂਠੇ ਪਰਚਿਆਂ ਦੇ ਚੱਲ ਰਹੇ ਮੋਰਚੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਜੱਥੇਬੰਦੀ ਵੱਲੋਂ ਪ੍ਰਸ਼ਾਸਨ ਤੋਂ ਫੌਰੀ ਪਰਚੇ ਰੱਦ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਬੀਤੇ ਦਿਨ੍ਹੀਂ ਦਿਲਜੋਤ ਸ਼ਰਮਾ ਦੀ ਹੋਈ ਰਹੱਸਮਈ ਮੌਤ ਦੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਮਸਲੇ ਸੰਬੰਧੀ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਲਗਾਏ ਜਾ ਰਹੇ ਜ਼ਿਲ੍ਹਾ ਹੈਡ ਕੁਆਰਟਰ ਉੱਤੇ ਧਰਨੇ ਪ੍ਰਦਰਸ਼ਨ ਵਿੱਚ ਭਾਕਿਯੂ ਏਕਤਾ ਡਕੌਂਦਾ ਆਪਣੀ ਸ਼ਮੂਲੀਅਤ ਕਰੇਗੀ। ਸੰਯੁਕਤ ਕਿਸਾਨ ਮੋਰਚੇ ਦੇ ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਦੇ ਪ੍ਰੋਗਰਾਮ ਬਾਰੇ ਵਿਚਾਰਾਂ ਕਰਦੇ ਹੋਏ ਜਥੇਬੰਦੀ ਦੇ ਬਲਾਕ ਪੱਧਰੀ ਡਿਊਟੀਆਂ ਲਾਈਆਂ ਗਈਆਂ । ਬੀਤੇ ਦਿਨੀ ਪਿੰਡ ਟਾਂਡੀਆਂ ਦੇ ਕਿਸਾਨ ਹਰਬੰਸ ਸਿੰਘ ਦੀ ਕਰਜ਼ੇ ਬਦਲੇ ਲਿਆਂਦੀ ਕੁਰਕੀ ਦਾ ਗੰਭੀਰਤਾ ਨਾਲ ਨੋਟਿਸ ਲਿਆ ਗਿਆ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਲੰਬੇ ਸਮੇਂ ਤੋਂ ਕਿਰਤੀ ਜਮਾਤ ਦੀ ਲੜਾਈ ਲੜੀ ਜਾ ਰਹੀ ਹੈ ਅਤੇ ਕਰਜ਼ੇ ਵੱਟੇ ਕਿਸੇ ਵੀ ਕਿਸਾਨ ਦੀ ਜ਼ਮੀਨ ਨਿਲਾਮ ਨਹੀ ਹੋਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲ੍ਹਾ ਸਕੱਤਰ ਤਾਰਾ ਚੰਦ ਬਰੇਟਾ, ਖ਼ਜ਼ਾਨਚੀ ਦੇਵੀ ਰਾਮ ਰੰਗੜਿਆਲ, ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ, ਮੀਤ ਪ੍ਰਧਾਨ ਬਲਕਾਰ ਸਿੰਘ, ਜਗਦੇਵ ਸਿੰਘ ਕੋਟਲੀ, ਹਰਬੰਸ ਸਿੰਘ ਟਾਂਡੀਆਂ ਅਤੇ ਬਲਵਿੰਦਰ ਸ਼ਰਮਾਂ ਆਦਿ ਵੀ ਮੌਜੂਦ ਰਹੇ ।