ਖਾਲਸਾ ਕਾਲਜ ਫਫੜੇ ਭਾਈ ਕੇ ਵਿਖੇ ਲਾਇਆ ਐੱਨਐੱਸਐੱਸ ਕੈਂਪ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
Publish Date: Wed, 11 Mar 2026 07:01 PM (IST)
Updated Date: Thu, 12 Mar 2026 04:07 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਸੰਸਥਾ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਫਫੜੇ ਭਾਈਕੇ ਵਿਖੇ ਇੱਕ ਰੋਜ਼ਾ ਐੱਨਐਸਐਸ ਕੈਂਪ ਲਗਾਇਆ। ਇਸ ਮੌਕੇ ਪ੍ਰੋਗਰਾਮ ਅਫ਼ਸਰ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਇਕ ਦਿਨਾ ਕੈਂਪ ਵਿਚ ਤਕਰੀਬਨ 50 ਵਲੰਟੀਅਰਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਵਾਤਾਵਰਨ ਦੀ ਸ਼ੁੱਧਤਾ ਅਤੇ ਕਾਲਜ ਕੈਂਪ ਦੀ ਸਾਫ਼ ਸਫ਼ਾਈ ਦੇ ਮੁੱਖ ਪ੍ਰਾਜੈਕਟ ਉਲੀਕੇ ਗਏ। ਕੈਂਪ ਦੀ ਸ਼ੂਰੂਆਤ ਮੌਕੇ ਸਮਰਜੀਤ ਸਿੰਘ ਨੇ ਕੈਂਪ ਦਾ ਮੁੱਖ ਉਦੇਸ਼ ਤੇ ਮਹੱਤਤਾ ਬਾਰੇ ਵਲੰਟੀਅਰਾਂ ਨੂੰ ਜਾਣੂ ਕਰਵਾਇਆ। ਡਾ. ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਦੇ ਪਹਿਲੇ ਸੈਸ਼ਨ ਵਿਚ ਵਿਦਿਆਰਥਣਾਂ ਨੇ ਕਾਲਜ ਖੇਡ ਗਰਾਊਂਡਾਂ ਦੀ ਸਾਫ਼-ਸਫ਼ਾਈ ਕੀਤੀ। ਰੁੱਖਾਂ ਦੇ ਆਲੇ-ਦੁਆਲੇ ਦੀ ਸਫ਼ਾਈ ਦੇ ਨਾਲ-ਨਾਲ ਰੁੱਖਾਂ ਦੀਆਂ ਜੜ੍ਹਾਂ ’ਚ ਪਾਣੀ ਪਾਇਆ। ਦੂਸਰੇ ਸੈਸ਼ਨ ਵਿੱਚ ਸਭਿਆਚਾਰਕ ਸਰਗਰਮੀਆਂ ਕਰਵਾਈਆਂ। ਇਸ ਸੈਸ਼ਨ ਵਿਚ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਲੋਕਗੀਤ ਗਾ ਕੇ ਵਲੰਟੀਅਰ ਝੂਮਣ ਲਾ ਦਿੱਤਾ। ਇਸ ਕੈਂਪ ਦੌਰਾਨ ਵਿਦਿਆਰਥਣ ਸੋਨੀ ਕੌਰ ਤੇ ਅਮਨਦੀਪ ਕੌਰ ਨੂੰ ਬੈਸਟ ਵਲੰਟੀਅਰ ਐਲਾਨਿਆ ਗਿਆ। ਇਸ ਸੈਸ਼ਨ ਦੇ ਆਖ਼ਰੀ ਪੜਾਅ ’ਚ ਸਾਰੇ ਵਲੰਟੀਅਰਾਂ ਲਈ ਰਿਫਰੈਸਮੈਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅੱਜ ਦੇ ਏ .ਆਈ ਦੇ ਯੁੱਗ ਵਿੱਚ ਅਜੋਕਾ ਵਿਦਿਆਰਥੀ ਹੱਥੀਂ ਕਿਰਤ ਕਰਨ ਤੋਂ ਦੂਰ ਹੁੰਦਾ ਜਾ ਰਿਹਾ ਹੈ। ਅਜਿਹੇ ਕੈਂਪ ਵਿਦਿਆਰਥੀਆਂ ਨੂੰ ਹੱਥੀਂ ਕਿਰਤ, ਆਤਮ ਵਿਸ਼ਵਾਸ ਤੇ ਆਤਮ ਰੱਖਿਅਕ ਬਣਾਉਣ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਅਗਲੇ ਸਮੇਂ ਵਿੱਚ ਅਜਿਹੇ ਪ੍ਰੋਗਰਾਮ ਉਲੀਕਣ ਦੀ ਹੱਲਾਸ਼ੇਰੀ ਵੀ ਦਿੱਤੀ। ਇਸ ਮੌਕੇ ਸਹਾਇਕ ਪ੍ਰੋਫੈਸਰ ਸੁਰਿੰਦਰ ਕੌਰ, ਗੁਰਵਿੰਦਰ ਕੌਰ, ਗੁਰਪ੍ਰੀਤ ਸਿੰਘ ਹਾਜ਼ਰ ਰਹੇ।