ਬਰੇਟਾ ਕਿਸ਼ਨਗੜ੍ਹ ਲਹਿਰਾ ਸੜਕ ਜ਼ੋਰਾਂ ’ਤੇ ਚੱਲ ਰਿਹਾ ਕੰਮ
ਬਰੇਟਾ ਮੰਡੀ, ਪਿੰਡ ਅਤੇ ਹਾਈਵੇਅ ਰੋਡ ਨੂੰ ਮਿਲਣ
Publish Date: Thu, 09 Apr 2026 07:11 PM (IST)
Updated Date: Fri, 10 Apr 2026 04:14 AM (IST)
* ਕਿਸ਼ਨਗੜ੍ਹ ਦੀ ਪੰਚਾਇਤ ਨੇ ਅੱਗੇ ਹੋ ਕਰਵਾਇਆ ਕੰਮ ਸ਼ੁਰੂ
ਕੈਪਸ਼ਨ : ਕਿਸ਼ਨਗੜ੍ਹ ਦੀ ਪੰਚਾਇਤ ਸੜਕ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰੇਟਾ : ਬਰੇਟਾ ਮੰਡੀ, ਪਿੰਡ ਤੇ ਹਾਈਵੇ ਰੋਡ ਨੂੰ ਮਿਲਣ ਵਾਲੀਆਂ ਸਾਰੀਆਂ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ, ਪਰ ਜਿਆਦਾ ਚਰਚਿਤ ਹੋਈ ਬਰੇਟਾ ਤੋਂ ਕਿਸ਼ਨਗੜ੍ਹ ਹੁੰਦੀ ਹੋਈ ਲਹਿਰਾ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਚੁੱਕੀ ਸੀ, ਜਿਸ ਕਾਰਨ ਰਾਹਗੀਰਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਹ ਸੜਕ ਕਈ ਪਿੰਡਾਂ ਬਹਾਦਰਪੁਰ, ਕਿਸ਼ਨਗੜ੍ਹ, ਲਦਾਲ ਅਤੇ ਗਾਗਾ ਚੋਂ ਗੁਜ਼ਰਦੇ ਹੋਏ ਲਹਿਰਾ ਅਤੇ ਸੁਨਾਮ, ਸੰਗਰੂਰ ਅਤੇ ਪਟਿਆਲਾ ਸ਼ਹਿਰ ਨੂੰ ਮਿਲਾਉਂਦੀ ਹੈ। ਪਿਛਲੇ ਇੱਕ ਦੋ ਸਾਲਾਂ ਵਿੱਚ ਇਸ ਸੜਕ ਵਿੱਚ ਵੱਡੇ ਵੱਡੇ ਟੋਏ ਪੈ ਚੁੱਕੇ ਸਨ, ਜਿੱਥੇ ਰਾਹਗੀਰਾਂ ਨੂੰ ਰਾਤ ਸਮੇਂ ਦੁਰਘਟਨਾ ਹੋਣ ਦਾ ਖਦਸ਼ਾ ਬਣਿਆ ਹੀ ਰਹਿੰਦਾ ਸੀ, ਉੱਥੇ ਹੀ ਨਿੱਤ ਬਰੇਟਾ ਕੰਮ ਤੋਂ ਵਾਪਸ ਜਾਣ ਵਾਲੇ ਲੋਕਾਂ ਦੀ ਮਸ਼ੀਨਰੀ ਦਾ ਵੀ ਨੁਕਸਾਨ ਹੋ ਰਿਹਾ ਸੀ। ਕਈ ਵਾਰ ਸੜਕ ਦੇ ਟੈਂਡਰ ਹੋਣ ਤੇ ਕਈ ਆਗੂਆਂ ਨੇ ਦਾਅਵੇ ਕੀਤੇ ਹਨ ਪਰ ਧਰਾਤਲ ਤੇ ਅੱਜ ਤੱਕ ਕੋਈ ਸਾਰ ਨਹੀਂ ਲਈ ਗਈ ਅਤੇ ਹਰ ਫ਼ਸਲ ਦੇ ਸੀਜ਼ਨ ਵਿੱਚ ਇਸ ਰਸਤੇ ਟ੍ਰੈਕਟਰ, ਟਰਾਲੀਆਂ, ਟਰੱਕ ਅਤੇ ਹੈਵੀ ਵੇਟ ਸਾਧਨਾਂ ਦਾ ਗੁਜਰਨਾ ਕਾਫ਼ੀ ਔਖਾ ਹੋਇਆ ਪਿਆ ਸੀ। ਪਿਛਲੇ ਸਮੇਂ ਦੌਰਾਨ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਕਿਸ਼ਨਗੜ੍ਹ ਦੀ ਸਰਪੰਚ ਬਲਵੀਰ ਕੌਰ ਦੇ ਪਤੀ ਤਰਸੇਮ ਸਿੰਘ ਨੇ ਦੱਸਿਆ ਕਿ ਕਈ ਰਾਹਗੀਰਾਂ ਨੂੰ ਰਾਤ ਬਰਾਤੇ ਖੱਡਿਆਂ ਦਾ ਪਤਾ ਨਾ ਲੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਰਹੇ ਹਨ। ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਵੱਡੇ ਵੱਡੇ ਸ਼ਹਿਰਾਂ ਨੂੰ ਜੋੜਨ ਵਾਲੀ ਸੜਕ ਦਾ ਕੰਮ ਸ਼ੁਰੂ ਹੁੰਦਿਆਂ ਹੀ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ, ਜੋ ਕਿ ਜਲਦੀ ਹੀ ਬਣਕੇ ਤਿਆਰ ਹੋ ਜਾਵੇਗੀ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕੁਲਵੰਤ ਸਿੰਘ ਅਤੇ ਸਮਾਜ ਸੇਵੀ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਸੜਕ ਨਵੀਂ ਬਣਨ ਤੇ ਵਪਾਰੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਫਾਇਦਾ ਹੋਣ ਤੋਂ ਇਲਾਵਾ ਬੱਸਾਂ ਦੀ ਆਵਾਜਾਈ ਨੂੰ ਵੀ ਲਾਭ ਹੋਵੇਗਾ।