ਬੈਨਰ ਤੇ ਫਲੈਕਸ ਲੱਗਣ ਨਾਲ ਬਰੇਟਾ ’ਚ ਦਿਖ ਹੋ ਰਹੀ ਖ਼ਰਾਬ
ਸ਼ਹਿਰ 'ਚ ਫੈਲ ਰਿਹਾ ਫਲੈਕਸ/ਬੈਨਰ ਪ੍ਰਦੂਸ਼ਣ
Publish Date: Sun, 29 Mar 2026 06:19 PM (IST)
Updated Date: Mon, 30 Mar 2026 04:06 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਰੇਟਾ ’ਚ ਜਗ੍ਹਾ ਜਗ੍ਹਾ ਲੱਗੇ ਇਸ਼ਤਿਹਾਰੀ ਬੈਨਰਾਂ ਦੇ ਕਾਰਨ ਸ਼ਹਿਰ ਦੀ ਦਿਖ ਖ਼ਰਾਬ ਹੁੰਦੀ ਜਾ ਰਿਹਾ ਹੈ, ਪਰ ਇਸ ਪਾਸੇ ਵਾਲੇ ਕਿਸੇ ਵੀ ਅਧਿਕਾਰੀ ਦਾ ਧਿਆਨ ਨਹੀਂ। ਨਗਰ ਕੌਂਸਲ ਅਧਿਕਾਰੀਆ ਦੇ ਨਜ਼ਰੀਂ ਇਹ ਬੈਨਰ ਪੈਂਦੇ ਹੀ ਨਹੀਂ, ਭਾਵੇਂ ਨਿਯਮਾਂ ਦੀਆਂ ਧੱਜੀਆਂ ਲਗਾਤਾਰ ਉੱਡ ਰਹੀਆਂ ਹਨ। ਰਾਜ ਕੁਮਾਰ ਨੇ ਦੱਸਿਆ ਕਿ ਬਰੇਟਾ ਕੈਂਚੀਆਂ, ਹਸਪਤਾਲ ਰੋਡ, ਬੱਸ ਅੱਡਿਆਂ ਤੇ ਸ਼ਹਿਰ ਦੀਆਂ ਕਈ ਹੋਰ ਥਾਵਾਂ ਤੇ ਕੁਝ ਕੰਪਨੀਆਂ ਤੇ ਕੁਝ ਸਕੂਲਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਆਪਣੀ ਮਸ਼ਹੂਰੀ ਲਈ ਸੜਕਾਂ ਦੇ ਕਿਨਾਰਿਆਂ 'ਤੇ ਬੈਨਰ ਲਗਾਏ ਹਨ। ਵਾਹਨ ਚਾਲਕਾਂ ਦੇ ਜਾਂਦੇ ਸਮੇਂ ਇਨ੍ਹਾਂ ਬੈਨਰਾਂ ਦੇ ਕਾਰਨ ਧਿਆਨ ਉਨ੍ਹਾਂ ਦਾ ਭਟਕ ਸਕਦਾ ਹੈ। ਇਸ ਕਾਰਨ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਵੱਖ-ਵੱਖ ਥਾਵਾਂ 'ਤੇ ਲੱਗੇ ਸੰਘਣੇ ਬੈਨਰ ਸ਼ਹਿਰ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲਗਾ ਰਹੇ ਹਨ। ਇਹ ਵੀ ਵੇਖਣ 'ਚ ਆਇਆ ਹੈ ਕਿ ਕੁਝ ਬੈਨਰ, ਜਿਨ੍ਹਾਂ ਦਾ ਪ੍ਰੋਗਰਾਮ ਲੰਬੇ ਸਮੇਂ ਤੋਂ ਆਯੋਜਿਤ ਹੋ ਚੁੱਕਿਆ ਹੁੰਦਾ ਹੈ। ਉਨ੍ਹਾਂ ਨੂੰ ਵੀ ਉਤਾਰਨਾ ਵਾਜਬ ਨਹੀਂ ਸਮਝਿਆ ਜਾਂਦਾ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਬੈਨਰ ਬਿਜਲੀ ਦੇ ਖੰਭਿਆਂ 'ਤੇ ਵੀ ਲਟਕੇ ਵੇਖਣ ਨੂੰ ਮਿਲਦੇ ਹਨ, ਜੋ ਹਮੇਸ਼ਾ ਖਤਰਾ ਬਣੇ ਰਹਿੰਦੇ ਹਨ। ਇਸ ਤੋਂ ਇਲਾਵਾ ਕਈ ਵਾਰ ਵੱਡੇ ਬੈਨਰ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਵੀ ਡਿੱਗ ਚੁੱਕੇ ਹਨ, ਜਿਸ ਨਾਲ ਵੱਡੇ ਹਾਦਸੇ ਹੋਣ ਤੋਂ ਵੀ ਵਾਲ-ਵਾਲ ਬਚਾਅ ਹੋਇਆ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੱਗੇ ਬੈਨਰ ਉਤਾਰੇ ਜਾਣ ਤੇ ਇਨ੍ਹਾਂ 'ਤੇ ਰੋਕ ਲਾਈ ਜਾਵੇ। ਜਦ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸਿਕੰਦਰ ਸਿੰਘ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਬੈਨਰਾਂ ਨੂੰ ਉਤਾਰ ਦਿੱਤਾ ਜਾਵੇਗਾ।