ਬੈਂਕ ਮੁਲਾਜ਼ਮਾਂ ਨੇ ਹੜਤਾਲ ਦੌਰਾਨ ਕੀਤੀ ਨਾਅਰੇਬਾ਼ਜ਼ੀ
ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਸੱਦੇ
Publish Date: Tue, 27 Jan 2026 05:53 PM (IST)
Updated Date: Wed, 28 Jan 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ਤੇ 5 ਦਿਨ ਬੈਂਕਿੰਗ ਦੀ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਨੂੰ ਲੈ ਕੇ ਰੋਸ ਵਜੋਂ ਅੱਜ ਦੇਸ਼ ਭਰ ਵਿੱਚ ਸਾਰੇ ਬੈਂਕ ਕਰਮਚਾਰੀਆਂ ਨੇ ਹੜਤਾਲ ਕੀਤੀ। ਇਸੇ ਹੜਤਾਲ ਤਹਿਤ ਅੱਜ ਮਾਨਸਾ ਵਿਚ ਵੀ ਵਾਟਰ ਵਰਕਸ ਰੋਡ ’ਤੇ ਸਾਰੇ ਬੈਂਕ ਮੁਲਾਜ਼ਮਾਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖ਼ਰਾਬ ਮੌਸਮ ਦੇ ਬਾਵਜੂਦ ਬੈਂਕ ਕਰਮਚਾਰੀ ਇਸ ਹੜਤਾਲ ਵਿੱਚ ਪੂਰੇ ਜੋਸ਼ ਨਾਲ ਹਾਜ਼ਰ ਹੋਏ। ਐੱਸਬੀਆਈ ਤੋਂ ਨਿਰਪਾਲ ਸਿੰਘ ਤੇ ਕੇਨਰਾ ਬੈਂਕ ਤੋਂ ਕੁਲਦੀਪ ਰਾਏ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ 5 ਦਿਨਾਂ ਬੈਂਕਿੰਗ ਦੀ ਮੰਗ ਤਕਰੀਬਨ ਦੋ ਸਾਲ ਤੋਂ ਸਰਕਾਰ ਕੋਲ ਪੈਂਡਿੰਗ ਹੈ ਅਤੇ ਇਸ ਨੂੰ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਜਾ ਰਿਹਾ ਹੈ, ਜਿੱਥੇ ਜ਼ਿਆਦਾਤਰ ਕੇਂਦਰ ਅਤੇ ਸਟੇਟ ਸਰਕਾਰ ਦੇ ਮਹਿਕਮੇ 5 ਦਿਨ ਹੀ ਕੰਮ ਕਰਦੇ ਹਨ, ਫਿਰ ਬੈਂਕਾਂ ਨਾਲ ਇਹ ਵਿਤਕਰਾ ਕਿਉਂ। ਜਨਤਾ ਨੂੰ ਇਸਦਾ ਕੋਈ ਨੁਕਸਾਨ ਨਹੀਂ ਕਿਉਂਕਿ ਬੈਂਕਾਂ ਦੇ ਸਮੇਂ ਵਿੱਚ ਵੀ 45 ਮਿੰਟ ਤ਼ੱਕ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਕਿ ਜੇਕਰ ਇਹ ਮੰਗ ਨਾ ਮੰਨੀਆਂ ਗਈਆਂ, ਤਾਂ ਭਵਿੱਖ ’ਚ ਅਣਮਿੱਥੇ ਸਮੇਂ ਲਈ ਵੀ ਹੜਤਾਲ ਤੇ ਜਾ ਸਕਦੇ ਹਨ। ਇਸ ਮੌਕੇ ਐਸਬੀਆਈ ਤੋਂ ਰਾਕੇਸ਼ ਗਰਗ, ਨੀਤਨ ਗਰਗ, ਦੀਪਕ ਸੇਠੀ, ਵਿਨੋਦ, ਜਸਵੀਰ ਸਿੰਘ, ਕੁਲਦੀਪ, ਕੇਨਰਾ ਬੈਂਕ ਤੋਂ ਕੁਲਦੀਪ ਰਾਏ, ਸੁਖਜੀਤ ਸਿੰਘ, ਵਿਕਰਮ, ਰਾਕੇਸ਼, ਪੀਐਨਬੀ ਤੋਂ ਪ੍ਰਿੰਸ, ਨੀਰਜ, ਚੰਦਰ, ਗੁਰਮੀਤ ਸਿੰਘ, ਮਹਿਲਾਵਾਂ ’ਚ ਸ਼ੈਰੀ, ਨੀਸੂ, ਖੁਸ਼ੀ ਅਤੇ ਸੁਨੀਤਾ ਮੈਡਮ ਤੋਂ ਇਲਾਵਾ ਹੋਰ ਕਈ ਬੈਂਕ ਮੁਲਾਜਮਾਂ ਨੇ ਧਰਨੇ ਵਿੰਚ ਹਾਜ਼ਰੀ ਲਗਵਾਈ।