ਸਕੂਲਾਂ ਦੇ ਖੁੱਲ੍ਹਣ ਤੇ ਬੰਦ ਹੋਣ ਸਮੇਂ ਟਿੱਪਰਾਂ ਦੀ ਆਵਾਜਾਈ 'ਤੇ ਰੋਕ
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ,
Publish Date: Tue, 03 Feb 2026 07:26 PM (IST)
Updated Date: Wed, 04 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਜਿਨ੍ਹਾਂ ਸੜਕਾਂ/ਹਾਈਵੇਅਜ਼ ’ਤੇ ਸਕੂਲ ਸਥਿਤ ਹਨ, ਉੱਥੇ ਹੀ ਟਿੱਪਰਾਂ ਦੀ ਆਵਾਜਾਈ ਰੋਕਣ ਦਾ ਸਮਾਂ ਸਵੇਰੇ 7:30 ਵਜੇ ਤੋਂ 9:30 ਅਤੇ ਬਾਅਦ ਦੁਪਹਿਰ 02:45 ਵਜੇ ਤੋਂ 4:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਇਹ ਹੁਕਮ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ, ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤਾ। ਇਹ ਹੁਕਮ ਸਕੂਲਾਂ ਵਿਚ ਛੁੱਟੀ ਵਾਲੇ ਦਿਨ ਲਾਗੂ ਨਹੀਂ ਹੋਵੇਗਾ। ਹੁਕਮ ’ਚ ਕਿਹਾ ਕਿ ਚੇਅਰਮੈਨ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜਾਰੀ ਪੱਤਰ ਰਾਹੀਂ ਲਿਖਿਆ ਗਿਆ ਹੈ ਕਿ ਵੱਖ ਵੱਖ ਸ਼ਹਿਰਾਂ ਤੇ ਕਸਬਿਆਂ ਵਿਚ ਜਿਨ੍ਹਾਂ ਸੜਕਾਂ ਤੇ ਸਕੂਲ ਸਥਿਤ ਹਨ, ਉਨ੍ਹਾਂ ਸਕੂਲਾਂ ਦੇ ਖੁੱਲ੍ਹਣ ਅਤੇ ਛੁੱਟੀ ਸਮੇਂ ਟਿੱਪਰਾਂ ਦੇ ਲੰਘਣ ਦਾ ਸਮਾਂ ਨਿਰਧਾਰਤ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ। ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਕੋਲੋਂ ਜ਼ਿਲ੍ਹਾ ਮਾਨਸਾ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦੇ ਖੁੱਲ੍ਹਣ ਅਤੇ ਬੰਦ ਦੇ ਸਮੇਂ ਅਨੁਸਾਰ ਟਿੱਪਰਾਂ ਦੀ ਆਵਾਜਾਈ ਨਿਰਧਾਰਤ ਕਰਨ ਸਬੰਧੀ ਰਿਪੋਰਟ ਪ੍ਰਾਪਤ ਕੀਤੀ ਗਈ ਹੈ। ਇਹ ਹੁਕਮ 28 ਫਰਵਰੀ 2026 ਤੱਕ ਲਾਗੂ ਰਹੇਗਾ।