ਪਾਵਰ ਲਿਮਟਿਡ ਦੇ ਗੇਟ ਨੇੜੇ ਧਰਨਾ ਲਾਉਣ ’ਤੇ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ
Publish Date: Mon, 02 Mar 2026 06:19 PM (IST)
Updated Date: Tue, 03 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ 'ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਲਗਾਏ ਹਨ। ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪੱਤਰ ਰਾਹੀਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਅਕਸਰ ਹੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਦੇ ਮੇਨ ਗੇਟ 'ਤੇ ਰੋਸ/ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜਿਸ ਨਾਲ ਜਿੱਥੇ ਤਲਵੰਡੀ ਸਾਬੋ ਪਾਵਰ ਲਿਮਟਿਡ ’ਚ ਕੰਮ ਕਰਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਆਵਾਜਾਈ ’ਚ ਵਿਘਨ ਪੈਂਦਾ ਹੈ, ਉਥੇ ਹੀ ਥਰਮਲ ਪਲਾਂਟ ਦਾ ਕੰਮ-ਕਾਜ ਵੀ ਪ੍ਰਭਾਵਿਤ ਹੁੰਦਾ ਹੈ। ਤਲਵੰਡੀ ਸਾਬੋ ਪਾਵਰ ਲਿਮਟਿਡ ਪੰਜਾਬ ਰਾਜ ਦੇ ਮਹੱਤਵਪੂਰਨ ਥਰਮਲ ਪਲਾਂਟਾਂ ਵਿੱਚੋਂ ਇੱਕ ਹੋਣ ਕਰਕੇ ਭਵਿੱਖ ਵਿਚ ਜੇਕਰ ਕਿਸੇ ਵੀ ਜੱਥੇਬੰਦੀ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਵਿਖੇ ਰੋਸ ਮੁਜ਼ਾਹਰਾ ਜਾਂ ਧਰਨਾ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਆਪਣਾ ਰੋਸ ਮੁਜ਼ਾਹਰਾ ਜਾਂ ਧਰਨਾ ਪ੍ਰਦਰਸ਼ਨ ਥਰਮਲ ਪਲਾਂਟ ਤੋਂ 500 ਮੀਟਰ ਦੀ ਦੂਰੀ 'ਤੇ ਹੀ ਕਰਨ, ਤਾਂ ਜੋ ਥਰਮਲ ਪਲਾਂਟ ਦਾ ਕੰਮ ਪ੍ਰਭਾਵਿਤ ਨਾ ਹੋਵੇ। ਇਹ ਹੁਕਮ 31 ਮਾਰਚ 2026 ਤੱਕ ਲਾਗੂ ਰਹੇਗਾ।