ਔਰਤਾਂ ਨੂੰ ਚਾਰ ਸਾਲ ਦਾ ਬਕਾਇਆ ਦੇਵੇ ਸਰਕਾਰ : ਇਸਤਰੀ ਸਭਾ
ਭਲਕੇ ਕੌਮਾਂਤਰੀ ਇਸਤਰੀ ਦਿਵਸ ਪੂਰੀ
Publish Date: Sat, 07 Mar 2026 07:05 PM (IST)
Updated Date: Sun, 08 Mar 2026 04:15 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਲਕੇ ਕੌਮਾਂਤਰੀ ਇਸਤਰੀ ਦਿਵਸ ਪੂਰ੍ਹੀ ਦੁਨੀਆ ਵਿੱਚ ਮਨਾਇਆ ਜਾਣਾ ਹੈ ਅਤੇ ਔਰਤਾਂ ਨੂੰ ਮਹਾਨ ਤੇ ਸਮਾਜਿਕ ਬਰਾਬਰੀ ਤੇ ਅਧਿਕਾਰਾਂ ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਜਾਣਗੇ। ਪਰ ਅਮਲ ’ਚ ਇਸ ਦੇ ਉਲਟ ਵਾਪਰ ਰਿਹਾ ਹੈ। ਕਾਨੂੰਨ ਮੁਤਾਬਕ ਔਰਤਾਂ ਨੂੰ ਬਰਾਬਰ ਦੇ ਹੱਕ ਦਿੱਤੇ ਜਾ ਰਹੇ ਹਨ, ਪਰ ਆਜ਼ਾਦਾਨਾ ਤੌਰ ’ਤੇ ਆਪਣੇ ਫ਼ੈਸਲੇ ਲੈਣ ਦੀ ਬਜਾਏ ਮਾਨਸਿਕ ਗੁਲਾਮੀ ਦੀ ਸ਼ਿਕਾਰ ਹੈ। ਸੰਵਿਧਾਨਕ ਅਹੁਦਿਆਂ ਤੇ ਹੋਣ ਦੇ ਬਾਵਜੂਦ ਮਰਦ ਸਮਾਜ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਿਸ ਵਿੱਚੋਂ ਕੱਢਣ ਲਈ ਸਰਕਾਰ ਨੂੰ ਵਚਨਬੱਧਤਾ ਨਾਲ ਔਰਤਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ ਤੇ ਜੱਥੇਬੰਦੀ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਕਿਰਨਾ ਰਾਣੀ ਨੇ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਔਰਤ ਦਿਵਸ ਮੌਕੇ ਸੂਬੇ ਦੀ ਮਾਨ ਸਰਕਾਰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਸਹਾਇਤਾ ਦੇਣ ਦੀ ਗਾਰੰਟੀ ਨੂੰ ਪੂਰਾ ਕਰਦੇ ਹੋਏ ਚਾਰ ਸਾਲ ਦਾ ਬਕਾਇਆ ਖਾਤਿਆਂ ’ਚ ਪਾਇਆ ਜਾਵੇ। ਇਸ ਮੌਕੇ ਔਰਤਾਂ ’ਤੇ ਹੋ ਰਹੇ ਅੱਤਿਆਚਾਰ, ਵਧੀਕੀਆਂ ਤੇ ਔਰਤਾਂ ਨੂੰ ਸਮਾਜਿਕ ਬਰਾਬਰੀ ਦੇ ਅਧਿਕਾਰ ਲਈ ਜਥੇਬੰਦੀ ਵੱਲੋਂ ਲਾਮਬੰਦ ਕਰਕੇ ਅੱਗੇ ਆਉਣ ਦੀ ਅਪੀਲ ਕੀਤੀ ਗਈ।