ਪੱਛੜੀਆਂ ਸ਼੍ਰੇਣੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਯਕੀਨੀ ਬਣਾਇਆ ਜਾਵੇ : ਚੇਅਰਮੈਨ ਥਿੰਦ
ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ
Publish Date: Wed, 07 Jan 2026 06:14 PM (IST)
Updated Date: Thu, 08 Jan 2026 04:06 AM (IST)

ਕਿਹਾ, ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫ਼ਿਕੇਟ ਸਬੰਧੀ ਕਿਸੇ ਨੂੰ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਚੱਲ ਰਹੀਆਂ ਯੋਜਨਾਵਾਂ ਦਾ ਬਣਦਾ ਲਾਭ ਲੋੜਵੰਦਾਂ ਨੂੰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਇਹ ਪ੍ਰਗਟਾਵਾ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਡਾ. ਮਲਕੀਤ ਸਿੰਘ ਥਿੰਦ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਵੀ ਮੌਜੂਦ ਸਨ। ਇਸ ਮੌਕੇ ਚੇਅਰਮੈਨ ਥਿੰਦ ਨੇ ਵੱਖ-ਵੱਖ ਵਿਭਾਗਾਂ ਦੀਆਂ ਪੱਛੜੀਆਂ ਸ਼੍ਰੇਣੀਆਂ ਦੀਆਂ ਭਲਾਈ ਸਕੀਮਾਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਪੱਛੜੇ ਵਰਗ ਦੇ ਲੋੜਵੰਦ ਲੋਕਾਂ ਨੂੰ ਸਰਕਾਰ ਦੀ ਹਰੇਕ ਯੋਜਨਾ ਬਾਰੇ ਵਿਸਥਾਰ ਨਾਲ ਜਾਣੂ ਕਰਵਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਗ੍ਰਾਂਟ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ ਦਾ ਲਾਭ ਲੈਣ ’ਚ ਕਿਸੇ ਨੂੰ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਰੇਕ ਵਰਗ ਦੇ ਨਾਲ ਨਾਲ ਪੱਛੜੇ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਹਰੇਕ ਪਿੰਡ, ਵਾਰਡ ਪੱਧਰ ਤੇ ਪੱਛੜੀਆਂ ਸ਼੍ਰੇਣੀਆਂ ਨੂੰ ਸਰਕਾਰ ਤੋਂ ਮਿਲਣ ਵਾਲੀਆਂ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਜਾਵੇ। ਅਹਿਮ ਸਕੀਮਾਂ ਜਿਵੇਂ ਆਸ਼ੀਰਵਾਦ ਸਕੀਮ, ਸਕਾਲਰਸ਼ਿਪ ਸਕੀਮ, ਪਛੜੀ ਸ਼੍ਰੇਣੀ ਸਰਟੀਫਿਕੇਟ ਬਣਾਉਣ ਲਈ ਜਾਣਕਾਰੀ ਤੋਂ ਵਾਂਝੇ ਪੱਛੜੇ ਵਰਗ ਦੇ ਲੋਕਾਂ ਤੱਕ ਪ੍ਰਚਾਰ ਦੀ ਲੋੜ ਹੈ। ਉਨ੍ਹਾਂ ਨੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੂੰ ਆਉਂਦੀਆਂ ਦਿੱਕਤਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਲੋੜਵੰਦ ਲੋਕਾਂ ਦੀਆਂ ਵਿਭਾਗੀ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਇਸ ਸ਼੍ਰੇਣੀ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਮਸਲਿਆਂ ਬਾਰੇ ਸਮੇਂ-ਸਮੇਂ ਤੇ ਸਰਕਾਰ ਨੂੰ ਲਿਖਿਆ ਜਾਂਦਾ ਹੈ। ਅੱਜ ਦੀ ਮੀਟਿੰਗ ਦੌਰਾਨ ਵਿਭਾਗੀ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਰਕਾਰੀ ਵਿਭਾਗਾਂ ਵਿਚ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਅੰਡਰ ਟ੍ਰੇਨਿੰਗ ਆਈ ਏਐੱਸ ਗੁਰਲੀਨ ਕੌਰ, ਐੱਸ ਡੀ ਐਮ ਮਾਨਸਾ ਕਾਲਾ ਰਾਮ ਕਾਂਸਲ, ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਗੁਰਿੰਦਰਜੀਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। -ਬਾਕਸ- ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਡਾ. ਮਲਕੀਤ ਸਿੰਘ ਥਿੰਦ ਨੇ ਸਥਾਨਕ ਬੱਚਤ ਭਵਨ ਵਿਖੇ ਪੱਛੜੀਆਂ ਸ਼੍ਰੇਣੀਆਂ ਭਲਾਈ ਜੱਥੇਬੰਦੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਾਰਾ ਕੀਤਾ ਅਤੇ ਇਸ ਦੌਰਾਨ ਓਬੀਸੀ ਫ਼ਰੰਟ (ਰਜਿ.) ਮਾਨਸਾ, ਬਾਬਾ ਵਿਸ਼ਵਕਰਮਾ ਮੰਦਰ ਕਮੇਟੀ ਰਾਮਗੜ੍ਹੀਆ ਸਭਾ ਮਾਨਸਾ, ਟਾਂਕ ਕਸ਼ੱਤਰੀ ਸਭਾ ਮਾਨਸਾ, ਪਰਜਾਪਤ ਭਲਾਈ ਸਭਾ ਮਾਨਸਾ, ਯਾਦਵ ਵਿਕਾਸ ਸੰਘ ਮਾਨਸਾ, ਧੋਬੀ ਮਹਾਂਸਭਾ ਵੈਲਫੇਅਰ ਸੋਸਾਇਟੀ (ਰਜਿ.) ਮਾਨਸਾ, ਰਜਕ ਸਮਾਜ ਮਾਨਸਾ, ਰਾਮਗੜ੍ਹੀਆ ਅਕਾਲ ਜਥੇਬੰਦੀ ਮਾਨਸਾ, ਸੈਣ ਸਮਾਜ ਮਾਨਸਾ, ਮੌਰੀਆ ਸਮਾਜ ਸਭਾ ਮਾਨਸਾ, ਭਗਤ ਬਾਬਾ ਨਾਮਦੇਵ ਚੈਰੀਟੇਬਲ ਸੋਸਾਇਟੀ (ਰਜਿ.) ਮਾਨਸਾ, ਕੰਬੋਜ ਸਭਾ ਮਾਨਸਾ ਦੇ ਅਹੁਦੇਦਾਰਾਂ ਵੱਲੋਂ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਸਬੰਧੀ ਮੰਗ ਪੱਤਰ ਚੇਅਰਮੈਨ ਡਾ. ਮਲਕੀਤ ਸਿੰਘ ਥਿੰਦ ਨੂੰ ਸੌਂਪੇ ਗਏ। ਇਸ ਮੌਕੇ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਡਾ. ਮਲਕੀਤ ਸਿੰਘ ਥਿੰਦ ਨੇ ਕਿਹਾ ਕਿ ਬਹੁਤ ਜਲਦ ਨਵੀਂ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲਾਭਪਾਤਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਤੇ ਕਾਲਜਾਂ ਦੇ ਅੰਦਰ ਬਾਹਰ ਭਲਾਈ ਸਕੀਮਾਂ ਦੀ ਸੂਚੀਬੱਧ ਫਲੈਕਸ ਲਗਾਏ ਜਾਣਗੇ, ਜਿਸ ਦੇ ਲਈ ਪੂਰੇ ਪੰਜਾਬ ਭਰ ਵਿਚੋਂ ਹਰੇਕ ਪੱਛੜੀ ਸ਼੍ਰੇਣੀ ਜਥੇਬੰਦੀ ਤੋਂ 05-05 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਓ.ਬੀ.ਸੀ. ਫਰੰਟ ਆਗੂ ਪੰਜਾਬ ਤੇ ਹਰਿਆਣਾ ਸਤਨਾਮ ਸਿੰਘ ਕੰਬੋਜ, ਸਰਪਰਸਤ ਓ.ਬੀ.ਸੀ. ਫਰੰਟ ਪੰਜਾਬ ਰਾਜਵਿੰਦਰ ਸਿੰਘ ਖੱਤਰੀਵਾਲ, ਪ੍ਰਧਾਨ ਸੀਨੀਅਰ ਸਿਟੀਜ਼ਨ ਬਿੱਕਰ ਸਿੰਘ ਮਘਾਣੀਆਂ, ਲਖਵਿੰਦਰ ਸਿੰਘ ਮੂਸਾ, ਜ਼ਿਲ੍ਹਾ ਇੰਚਾਰਜ ਇਸਤਰੀ ਵਿੰਗ ਸ਼ਰਨਜੀਤ ਕੌਰ, ਪਰਮਜੀਤ ਕੌਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।