ਬਾਬਾ ਭਾਈ ਗੁਰਦਾਸ ਦੇ ਮੇਲੇ ‘ਚ ਪਹੁੰਚੇ ਵੱਡੀ ਗਿਣਤੀ ’ਚ ਸ਼ਰਧਾਲੂ
ਧੰਨ ਧੰਨ ਬਾਬਾ ਭਾਈ ਗੁਰਦਾਸ ਜੀ
Publish Date: Wed, 18 Mar 2026 07:28 PM (IST)
Updated Date: Thu, 19 Mar 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ
ਧੰਨ ਧੰਨ ਬਾਬਾ ਭਾਈ ਗੁਰਦਾਸ ਜੀ ਦਾ ਮੇਲਾ ਮਾਨਸਾ ‘ਚ ਧੂਮਧਾਮ ਨਾਲ ਸ਼ੁਰੂ ਹੋ ਗਿਆ ਹੈ। ਅੱਜ ਸਵੇਰ ਤੋਂ ਹੀ ਬਾਬਾ ਭਾਈ ਗੁਰਦਾਸ ਜੀ ਦੀ ਸਮਾਧ ’ਤੇ ਸ਼ਰਧਾਲੂਆਂ ਨੇ ਪਹੁੰਚ ਕੇ ਨਤਮਸਤਕ ਹੋਣ ਲਈ ਕਤਾਰਾਂ ਲਗਾ ਲਈਆਂ ਅਤੇ ਸਾਰਾ ਦਿਨ ਦੂਰ-ਦੁਰਾਡੇ ਤੋਂ ਸੰਗਤਾਂ ਪੁੱਜਦੀਆਂ ਰਹੀਆਂ। ਇੱਥੇ ਪੁੱਜਣ ਵਾਲਿਆਂ ਲਈ ਲੰਗਰ ਤੇ ਹੋਰ ਵਧੀਆ ਪ੍ਰਬੰਧ ਕੀਤੇ ਸਨ। ਇਸ ਦੌਰਾਨ ਵੱਡੀ ਗਿਣਤੀ ’ਚ ਜਿੱਥੇ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ, ਉਥੇ ਹੀ ਸ਼ਹਿਰ ਦੇ ਪਤਵੰਤੇ ਸੱਜਣ ਤੇ ਧਾਰਮਿਕ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਮਾਨਸਾ ਦੇ ਇਲਾਵਾ ਦੂਰ-ਦੁਰਾਡੇ ਬੁਢਲਾਡਾ, ਰਤੀਆ, ਟੋਹਾਣਾ, ਸਰਦੂਲਗੜ੍ਹ, ਜੋਗਾ ਦੇ ਇਲਾਵਾ ਹੋਰ ਇਲਾਕਿਆਂ ’ਚੋਂ ਵੱਡੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ। ਬਾਬਾ ਭਾਈ ਗੁਰਦਾਸ ਦੇ ਸਲਾਨਾ ਮੇਲੇ ਤੇ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ। ਡੇਰਾ ਬਾਬਾ ਭਾਈ ਗੁਰਦਾਸ ਦੇ ਸੰਚਾਲਕ ਸੰਤ ਕੇਸ਼ਵ ਮੁਨੀ ਜੀ ਨੇ ਖ਼ੂਨਦਾਨੀਆਂ ਨੂੰ ਆਸ਼ੀਰਵਾਦ ਦੇ ਉਦਘਾਟਨ ਕੀਤਾ। ਉਨ੍ਹਾਂ ਸ਼ਰਧਾਲੂਆਂ ਨੂੰ ਵੀ ਆਸ਼ੀਰਵਾਦ ਦਿੱਤਾ। ਸ਼ਰਧਾਲੂਆਂ ਨੇ ਦੱਸਿਆ ਕਿ ਬਾਬਾ ਭਾਈ ਗੁਰਦਾਸ ਜੀ ਦੀ ਬਹੁਤ ਮਾਨਤਾ ਹੈ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਮੇਲੇ ’ਤੇ ਆਉਂਦੇ ਹਨ। ਜੋ ਵੀ ਭਗਤ ਨਵਾਂ ਵਾਹਨ ਲੈ ਕੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਬਾਬਾ ਭਾਈ ਗੁਰਦਾਸ ‘ਤੇ ਆ ਕੇ ਨਤਮਸਤਕ ਹੁੰਦਾ ਹੈ। ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ, ਨਗਰ ਕੌਂਸਲ ਪ੍ਰਧਾਨ ਸੁਨੀਲ ਕੁਮਾਰ ਨੀਨੂ, ਆਪ ਇੰਦਰਜੀਤ ਸਿੰਘ ਉੱਭਾ, ਕਾਂਗਰਸੀ ਆਗੂ ਸੁਰੇਸ਼ ਨੰਦਗੜ੍ਹੀਆ, ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਅਸ਼ੋਕ ਗਰਗ, ਬਿੰਦਰਪਾਲ ਗਰਗ, ਰਮੇਸ਼ ਜਿੰਦਲ, ਸੁਰਿੰਦਰ ਪਿੰਟਾ ਅਤੇ ਵੱਡੀ ਭਗਤ ਪਹੁੰਚ ਕੇ ਨਤਮਸਤਕ ਹੋਏ। ਲੰਗਰ ਅਤੁੱਟ ਵਰਤਾਏ ਗਏ ਤੇ ਪਾਣੀ ਦੀ ਸੇਵਾ ਕੀਤੀ ਗਈ।