ਕੈਂਪ ਦੌਰਾਨ 474 ਮਰੀਜ਼ਾਂ ਨੂੰ ਦਿੱਤੀ ਮੁਫ਼ਤ ਦਵਾਈ
ਡਾਇਰੈਕਟਰ ਆਫ ਆਯੁਰਵੇਦਾ ਪੰਜਾਬ
Publish Date: Sat, 07 Feb 2026 08:45 PM (IST)
Updated Date: Sun, 08 Feb 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਆਯੁਰਵੈਦਿਕ ਅਤੇ ਯੁਨਾਨੀ ਅਫ਼ਸਰ ਮਾਨਸਾ ਡਾ. ਨਮਿਤਾ ਗਰਗ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾ. ਰਾਜੀਵ ਕੁਮਾਰ ਜਿੰਦੀਆ ਦੀ ਯੋਗ ਅਗਵਾਈ ‘ਚ ਆਯੂਸ਼ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਵਿਸ਼ਾਲ ਮੁਫ਼ਤ ਆਯੂਸ਼ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਇੱਕ ਵਿਸ਼ਾਲ ਆਯੂਸ਼ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਆਯੂਸ਼ ਵਿਭਾਗ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਸ਼ਮ੍ਹਾਂ ਰੋਸ਼ਨ ਕਰਕੇ ਕੈਂਪ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਨਮਿਤਾ ਗਰਗ ਨੇ ਦੱਸਿਆ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਤੇ ਆਯੂਰਵੇਦ ਦੇ ਪ੍ਰਚਾਰ ਪ੍ਰਸਾਰ ਲਈ ਜ਼ਿਲ੍ਹੇ ਭਰ ਵਿੱਚ ਮੁਫ਼ਤ ਆਯੂਸ਼ ਚੈੱਕਅੱਪ ਅਤੇ ਦਵਾਈ ਵੰਡ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮਿਲ ਸਕਣ ਤੇ ਇੱਕ ਤੰਦਰੁਸਤ ਰਾਸ਼ਟਰ ਦਾ ਨਿਰਮਾਣ ਹੋ ਸਕੇ। ਇਸ ਮੌਕੇ ਉਨ੍ਹਾਂ ਨੇ ਆਯੂਰਵੈਦਾ ਦੀ ਮਹੱਤਤਾ ਦੱਸਣ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਡਾ. ਵਰਿੰਦਰ ਕੁਮਾਰ ਆਯੁਰਵੈਦਿਕ ਮੈਡੀਕਲ ਅਫ਼ਸਰ, ਡਾਕਟਰ ਪੂਜਾ ਆਯੂਰਵੈਦਿਕ ਮੈਡੀਕਲ ਅਫ਼ਸਰ, ਅਤੇ ਹੋਮਿਓਪੈਥੀ ਮੈਡੀਕਲ ਅਫ਼ਸਰ ਡਾਕਟਰ ਆਂਚਲ ਮਿਸ਼ਰਾ ਨੇ ਮਰੀਜ਼ਾਂ ਨੂੰ ਚੈਕ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਬਦਲਦੇ ਮੌਸਮ ਦੌਰਾਨ ਰੋਜ਼ਾਨਾ ਦੇ ਆਹਾਰ ਵਿਹਾਰ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 474 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ, ਜਿਨ੍ਹਾਂ ਵਿੱਚੋਂ 253 ਮਰੀਜ਼ਾਂ ਨੇ ਆਯੁਰਵੇਦਿਕ ਇਲਾਜ ਅਤੇ 221 ਮਰੀਜ਼ਾਂ ਨੇ ਹੋਮਿਓਪੈਥਿਕ ਇਲਾਜ ਪ੍ਰਾਪਤ ਕੀਤਾ। ਵਿਸ਼ਾਲ ਕੈਂਪ ਮੌਕੇ ਆਯੂਰਵੈਦਿਕ ਵਿਭਾਗ ਦੇ ਉਪ ਵੈਦ ਰਾਜਵਿੰਦਰ ਸਿੰਘ ਚਹਿਲ, ਭੁਪਿੰਦਰ ਸ਼ਰਮਾ ਵੱਲੋਂ ਆਯੂਰਵੈਦਿਕ ਦਵਾਈਆਂ ਤੇ ਹੋਮਿਓਪੈਥੀ ਵਿਭਾਗ ਦੇ ਨਰਿੰਦਰਪਾਲ ਸ਼ਰਮਾ ਅਤੇ ਸੁਸ਼ੀਲ ਕੁਮਾਰ ਨੇ ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈਆਂ ਵੰਡੀਆਂ। ਇਸ ਮੌਕੇ ਗਿਆਨੀ ਗੁਰਪ੍ਰਤਾਪ ਸਿੰਘ, ਰਾਮ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਜਵਾਹਰਕੇ ਅਤੇ ਕਿੰਟੂ ਸ਼ਰਮਾ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।