ਕੜਾਕੇ ਦੀ ਠੰਢ ’ਚ ਠਿਠੁਰਦੇ ਹੋਏ ਬੱਚੇ ਜਾ ਰਹੇ ਨੇ ਸਕੂਲ
23 ਦਸੰਬਰ ਤੋਂ ਲਾਗੂ ਸਰਦੀ ਦੀਆਂ ਛੁੱਟੀਆਂ
Publish Date: Thu, 15 Jan 2026 06:42 PM (IST)
Updated Date: Thu, 15 Jan 2026 06:45 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਠੰਢ ਦੀਆਂ ਛੁੱਟੀਆਂ ਬਾਅਦ ਖੁਲ੍ਹੇ ਸਕੂਲਾਂ ਦੇ ਦੂਜੇ ਦਿਨ ਵੀ ਸਕੂਲਾਂ ’ਚ ਬੱਚਿਆਂ ਦੀ ਹਾਜ਼ਰੀ ਘੱਟ ਦਿਖਾਈ ਦਿੱਤੀ। ਸੰਘਣੀ ਧੁੰਦ ਦੇ ਕਾਰਨ ਲਗਾਤਾਰ ਠੰਢ ਦਾ ਪ੍ਰਕੋਪ ਜਾਰੀ ਹੈ। ਜਿੱਥੇ ਠੰਢ ਨਾਲ ਠਿਠੁਰਦੇ ਹੋਏ ਵਿਦਿਆਰਥੀ ਸਕੂਲ ਪੁੱਜ ਰਹੇ ਹਨ, ਉਥੇ ਹੀ ਉਨ੍ਹਾਂ ਦੇ ਅਧਿਆਪਕਾਂ ਨੂੰ ਸਕੂਲਾਂ ‘ਚ ਪਹੁੰਚਣ ਸਮੇਂ ਮੁ਼ਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਪਿਆਂ ਲਈ ਵੀ ਠੰਢ ’ਚ ਬੱਚਿਆਂ ਨੂੰ ਭੇਜਣਾ ਪ੍ਰੇਸ਼ਾਨੀ ਖੜ੍ਹੀ ਕਰ ਰਿਹਾ ਹੈ। ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹਿਣ ਕਾਰਨ ਵਿਦਿਆਰਥੀਆਂ ਨੂੰ ਸਕੂਲ ਪਹੁੰਚਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕਈ ਇਲਾਕਿਆਂ ਵਿੱਚ ਦ੍ਰਿਸ਼ਟਤਾ ਬਹੁਤ ਘੱਟ ਰਹਿਣ ਕਾਰਨ ਸੜਕ ਆਵਾਜਾਈ ਵੀ ਪ੍ਰਭਾਵਿਤ ਰਹੀ। ਮਾਪਿਆਂ ਵੱਲੋਂ ਬੱਚਿਆਂ ਨੂੰ ਸਕੂਲ ਭੇਜਦੇ ਸਮੇਂ ਖਾਸ ਸਾਵਧਾਨੀ ਵਰਤੀ ਗਈ, ਜਦਕਿ ਕਈ ਮਾਪਿਆਂ ਨੇ ਠੰਢ ਅਤੇ ਧੁੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੂੰ ਘਰ ਹੀ ਰੱਖਣਾ ਠੀਕ ਸਮਝਿਆ। ਉਧਰ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਠੰਢ ਦੀਆਂ ਛੁੱਟੀਆਂ ਦੇ ਬਾਅਦ ਸਕੂਲਾਂ ‘ਚ ਵਿਦਿਆਰਥੀ ਠੰਢ ਵਿੱਚ ਆ ਰਹੇ ਹਨ ਅਤੇ ਅਧਿਆਪਕਾਂ ਨੂੰ ਵੀ ਠੰਢ ‘ਚ ਪਹੁੰਚਣਾ ਮੁਸ਼ਕਿਲ ਹੋ ਰਿਹਾ ਸੀ। ਪਰ ਅੱਜ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਅਤੇ ਸਰਕਾਰੀ ਸੈਕੰਡਰੀ ਸਕੂਲਾਂ ਦਾ ਸਮਾਂ 10 ਵਜੇ ਤੋਂ 3 .20 ਤੱਕ ਕਰ ਦਿੱਤਾ ਗਿਆ ਹੈ। ਇਸ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁੱਝ ਰਾਹਤ ਮਿਲੇਗੀ।