ਪਰਿਵਾਰ ਨਾਲ ਲੱਖਾਂ ਠੱਗਣ ਵਾਲਾ ਜੋਤਸ਼ੀ ਕਾਬੂ
ਨਜ਼ਦੀਕੀ ਪਿੰਡ ਹੋਡਲਾ ਕਲਾਂ ਦੇ ਇੱਕ
Publish Date: Fri, 24 Apr 2026 07:22 PM (IST)
Updated Date: Sat, 25 Apr 2026 04:11 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਨਜ਼ਦੀਕੀ ਪਿੰਡ ਹੋਡਲਾ ਕਲਾਂ ਦੇ ਇੱਕ ਪਰਿਵਾਰ ਨੂੰ ਆਪਣੇ ਜਾਲ ਵਿੱਚ ਫ਼ਸਾ ਕੇ ਸੋਨੇ ਤੇ ਨਕਦੀ ਦੀ ਠੱਗੀ ਮਾਰਨ ਵਾਲੇ ਇੱਕ ਜੋਤਸ਼ੀ ਨੂੰ ਭੀਖੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫ਼ਰੰਸ ਦੌਰਾਨ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸ਼ਗਨਪਾਲ ਸਿੰਘ ਵਾਸੀ ਹੋਡਲਾ ਕਲਾਂ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸਦੀ ਮਾਤਾ ਪਰਮਜੀਤ ਕੌਰ ਉਨ੍ਹਾਂ ਦੇ ਪਿੰਡ ਵਿੱਚ ਆਏ ਇੱਕ ਜੋਤਸ਼ੀ ਕੋਲ ਗਈ, ਜਿਥੇ ਉਸਨੇ ਦੱਸਿਆ ਕਿ ਤੁਹਾਡੇ ਘਰ ਵਿੱਚ ਕਰੋਪੀ ਹੈ ਤੇ ਜਲਦੀ ਇਸਦਾ ਉਪਾਅ ਕਰਵਾ ਲਵੋ। ਕੁੱਝ ਦਿਨ ਬਾਅਦ ਸ਼ਗਨਪਾਲ ਸਿੰਘ ਦਾ ਹਾਦਸਾ ਹੋ ਗਿਆ। ਜੋਤਸ਼ੀ ਅਨੁਸਾਰ ਪਰਿਵਾਰ ਨੂੰ ਵਹਿਮ ਹੋ ਗਿਆ ਤੇ ਉਹ ਇਲਾਜ ਕਰਵਾਉਣ ਲਈ ਜੋਤਸ਼ੀ ਕੋਲ ਚਲੇ ਗਏ। ਇਸ ਲਈ ਉਸਨੇ 11000 ਰੁਪਏ ਨਕਦ ਮੰਗੇ ਤੇ ਘਰ ਵਿੱਚ ਮੌਜੂਦ 20 ਨਗ ਸੋਨੇ ਦੇ ਲਿਆਉਣ ਲਈ ਕਿਹਾ। ਪਰਿਵਾਰ ਨੇ ਸਾਰਾ ਸਾਮਾਨ ਲਿਆ ਕੇ ਜੋਤਸ਼ੀ ਨੂੰ ਦੇ ਦਿੱਤਾ ਅਤੇ ਚਿੱਟੇ ਰੰਗ ਦੇ ਕੱਪੜੇ 'ਚ ਸੋਨਾ ਬੰਨ੍ਹ ਕੇ ਰੱਖ ਦਿੱਤਾ। ਪਰਿਵਾਰ ਨੂੰ ਸੂਰਜ ਨੂੰ ਪਾਣੀ ਦੇਣ ਲਈ ਭੇਜ ਦਿੱਤਾ ਤੇ ਵਾਪਸ ਆਉਣ 'ਤੇ ਉਨ੍ਹਾਂ ਨੂੰ ਕੱਪੜਾ ਦੇ ਦਿੱਤਾ ਤੇ 5 ਦਿਨਾਂ ਬਾਅਦ ਖੋਲਣ ਲਈ ਕਿਹਾ। ਜਦ 5 ਦਿਨਾਂ ਬਾਅਦ ਕੱਪੜਾ ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ ਸੋਨਾ ਗਾਇਬ ਸੀ। ਜਦ ਉਨ੍ਹਾਂ ਜੋਤਸ਼ੀ ਨਾਲ ਸੰਪਰਕ ਕੀਤਾ ਤਾਂ ਉਸਦਾ ਨੰਬਰ ਬੰਦ ਆ ਰਿਹਾ ਸੀ। ਭੀਖੀ ਪੁਲਿਸ ਨੇ ਬਿਆਨਾਂ ਦੇ ਅਧਾਰ 'ਤੇ ਜੋਤਸ਼ੀ ਮੁਕੇਸ਼ ਸ਼ਰਮਾ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ। ਡੀਐਸਪੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਜੋਤਸ਼ੀ ਦੀ ਅਸਲੀ ਪਛਾਣ ਇੰਦਰਜੀਤ ਸਿੰਘ ਵਾਸੀ ਕੋਲੀਠਾ ਜ਼ਿਲ੍ਹਾ ਸੀਕਰ (ਰਾਜਸਥਾਨ) ਵਜੋਂ ਹੋਈ, ਜਿਸਨੂੰ ਭੀਖੀ ਪੁਲਿਸ ਨੇ ਛਾਪਾ ਮਾਰ ਕੇ 21 ਅਪ੍ਰੈਲ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਤੇ 4 ਦਿਨਾਂ ਦਾ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕਰਕੇ 4.25 ਤੋਲੇ ਸੋਨਾ ਬਰਾਮਦ ਕਰਵਾਇਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਲੋਕ ਅਜਿਹੇ ਠੱਗਾਂ ਦਾ ਸ਼ਿਕਾਰ ਹੋਣ ਤੋਂ ਬਚਣ ਤੇ ਸਾਵਧਾਨੀ ਰੱਖਣ, ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਹੋਵੇ।