122 ਐੱਮਪੀਐੱਚਡਬਲਿਯੂ (ਫੀਮੇਲ) ਭਰਤੀ ਦੇ ਰਹਿੰਦੇ ਨਿਯੁਕਤੀ ਪੱਤਰ ਤੁਰੰਤ ਜਾਰੀ ਕਰਨ ਦੀ ਮੰਗ
ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰ
Publish Date: Tue, 21 Apr 2026 07:09 PM (IST)
Updated Date: Wed, 22 Apr 2026 04:10 AM (IST)

ਫ਼ੋਟੋ : 10 ਐਮਏਐਨ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਆਸ਼ਾ ਵਰਕਰਜ਼। ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਆਸ਼ਾ ਵਰਕਰਜ਼ ਤੇ ਫੈਸੀਲੀਟੇਟਰ ਨਿਰੋਲ ਯੂਨੀਅਨ ਪੰਜਾਬ ਵੱਲੋਂ ਸਿਹਤ ਵਿਭਾਗ ਵਿੱਚ 122 ਐਮਪੀਐਚਡਬਲਿਯੂ (ਫ਼ੀਮੇਲ) ਦੀਆਂ ਅਸਾਮੀਆਂ ’ਚੋਂ ਰਹਿੰਦੀਆਂ 72 ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਭਰਤੀ ’ਚੋਂ 50 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਹਨ, ਪਰ ਬਾਕੀ ਰਹਿੰਦੀਆਂ 72 ਉਮੀਦਵਾਰਾਂ ਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਹੈ। ਖ਼ਾਸ ਤੌਰ ਤੇ ਇਹ ਗੱਲ ਜ਼ਿਕਰਯੋਗ ਹੈ ਕਿ ਇਨ੍ਹਾਂ ਵਿੱਚ 13 ਪੋਸਟਾਂ ਆਸ਼ਾ ਵਰਕਰ ਕੋਟੇ ਦੀਆਂ ਹਨ, ਜਿਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਸੂਬਾ ਪ੍ਰਧਾਨ ਕਿਰਨਦੀਪ ਪੰਜੋਲਾ ਅਤੇ ਸਮੁੱਚੀ ਸੂਬਾ ਕਮੇਟੀ ਨੇ ਕਿਹਾ ਕਿ ਸਰਕਾਰ ਵੱਲੋਂ ਹਮੇਸ਼ਾ ਆਸ਼ਾ ਵਰਕਰਾਂ ਨੂੰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ, ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਮੀਨੀ ਪੱਧਰ ਤੇ ਸਿਹਤ ਸੇਵਾਵਾਂ ਪਹੁੰਚਾਉਂਦੀਆਂ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਜਦੋਂ ਇਹੀ ਮਿਹਨਤੀ ਵਰਕਰਾਂ ਆਪਣੀ ਯੋਗਤਾ ਸਾਬਤ ਕਰਕੇ ਮੈਰਿਟ ਵਿੱਚ ਆਉਂਦੀਆਂ ਹਨ ਤਾਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਦਸੰਬਰ 2025 ਵਿੱਚ ਦਸਤਾਵੇਜ਼ਾਂ ਦੀ ਪੜਤਾਲ (ਡੀਵੀ) ਮੁਕੰਮਲ ਹੋਣ ਦੇ ਬਾਵਜੂਦ ਵੀ ਨਿਯੁਕਤੀ ਪੱਤਰ ਜਾਰੀ ਕਰਨ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ। ਇਸ ਮੌਕੇ ਐਮਪੀਐਚਡਬਲਿਯੂ (ਫ਼ੀਮੇਲ) ਦਾ ਪੇਪਰ ਪਾਸ ਕਰ ਚੁੱਕੇ ਅਤੇ ਮੈਰਿਟ ਸੂਚੀ ਵਿੱਚ ਆਏ ਉਮੀਦਵਾਰ ਜਰੀਨਾ, ਨਿਸ਼ਾ ਆਸ਼ਾ, ਮਲਕੀਤ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਅਮਨਦੀਪ ਕੌਰ ਅਤੇ ਮਨਜੀਤ ਕੌਰ ਨੇ ਸਾਂਝੇ ਤੌਰ ਤੇ ਰੋਸ ਜਤਾਉਂਦਿਆਂ ਕਿਹਾ ਕਿ, ਅਸੀਂ ਮੈਰਿਟ ਵਿੱਚ ਹੋਣ ਦੇ ਬਾਵਜੂਦ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਵਾਰ ਵਾਰ ਵਿਭਾਗੀ ਮੀਟਿੰਗਾਂ ਕਰ ਕੇ ਤੇ ਮੰਗ ਪੱਤਰ ਦੇ ਕੇ ਥੱਕ ਚੁੱਕੇ ਹਾਂ, ਪਰ ਹਰ ਵਾਰ ਸਾਨੂੰ ਸਿਰਫ਼ ਲਾਰੇ ਹੀ ਮਿਲ ਰਹੇ ਹਨ। ਜੇਕਰ ਸਾਨੂੰ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ਤਾਂ ਸਾਡੇ ਹੱਕਾਂ ਤੇ ਡਾਕਾ ਕਿਉਂ ਮਾਰਿਆ ਜਾ ਰਿਹਾ ਹੈ? ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਸ਼ਾ ਵਰਕਰ ਕੋਟੇ ਦੀਆਂ 13 ਪੋਸਟਾਂ ਸਮੇਤ ਰਹਿੰਦੀਆਂ 72 ਉਮੀਦਵਾਰਾਂ ਦੇ ਨਿਯੁਕਤੀ ਪੱਤਰ ਤੁਰੰਤ ਜਾਰੀ ਨਾ ਕੀਤੇ ਗਏ ਤਾਂ ਆਸ਼ਾ ਵਰਕਰਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਸਿਹਤ ਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਵਿਭਾਗ ਦੀ ਰੀੜ੍ਹ ਦੀ ਹੱਡੀ ਕਹਾਉਣ ਵਾਲੀਆਂ ਇਨ੍ਹਾਂ ਵਰਕਰਾਂ ਨਾਲ ਇਨਸਾਫ਼ ਕੀਤਾ ਜਾਵੇ ਤੇ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।