ਪੀਐੱਮ ਜਵਾਹਰ ਨਵੋਦਿਆ ਸਕੂਲ ਦੇ ਬੱਚਿਆਂ ਨੂੰ ਦਿੱਤੇ ਇਨਾਮ
ਪੀ. ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ
Publish Date: Sun, 05 Apr 2026 07:30 PM (IST)
Updated Date: Mon, 06 Apr 2026 04:10 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪੀਐੱਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਕਲਾਸ ਛੇਵੀਂ ਤੋਂ ਗਿਆਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਸਲਾਨਾ ਨਤੀਜਾ ਐਲਾਨ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਹਰ ਕਲਾਸ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਿੱਦਿਅਕ ਪ੍ਰਾਪਤੀ, ਅਨੁਸ਼ਾਸਨ ਅਤੇ ਮਿਹਨਤ ਦੇ ਮੱਦੇਨਜ਼ਰ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ-ਮਹਿਮਾਨ ਪ੍ਰਿੰਸੀਪਲ ਕੁਸੁਮ ਗੁਪਤਾ ਨੇ ਵਿਦਿਆਰਥੀਆਂ ਨੂੰ ਨਿਰੰਤਰ ਅਭਿਆਸ, ਸਮਰਪਣ ਤੇ ਉੱਚੇ ਟੀਚੇ ਨਿਰਧਾਰਣ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਕਲਾਸ ਛੇਵੀਂ ਤੋਂ ਗਿਆਰ੍ਹਵੀਂ ਤਕ ਦੇ ਹਰੇਕ ਕਲਾਸ ਦੇ ਤਿੰਨੋਂ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੰਚ 'ਤੇ ਸੱਦਾ ਦੇ ਕੇ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸੁਰੇਸ਼ ਪੰਵਾਰ ਦੁਆਰਾ ਕੀਤਾ ਗਿਆ। ਇਸ ਮੌਕੇ ਉਪ ਪ੍ਰਿੰਸੀਪਲ ਸਚਿਨ ਦਹੀਆ, ਸਮੂਹ ਸਟਾਫ਼ ਤੇ ਮਾਤਾ-ਪਿਤਾ ਹਾਜ਼ਰ ਸਨ।