- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ‘ਆਪ’ ਦੀ ਸਰਕਾਰ ਨੂੰ ਸੱਤਾ ਵਿੱਚ ਆਏ ਚਾਰ ਸਾਲ ਹੋ ਗਏ ਹਨ, ਪਰ ਇਨ੍ਹਾਂ ਚਾਰ ਸਾਲ ’ਚ ਵਿਭਾਗੀ ਕੰਮਕਾਰ ਵਿੱਚ ਲਗਾਤਾਰ ਗਿਰਾਵਟ ਆਈ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਬੁਢਲਾਡਾ ਦੀ ਪ੍ਰਧਾਨ ਮਨਜੀਤ ਕੌਰ ਬੀਰੋਕੇ, ਸਕੱਤਰ ਡੈਜੀ ਗੁਪਤਾ, ਖਜ਼ਾਨਚੀ ਰਣਜੀਤ ਕੌਰ ਨੇ ਇਹ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ ਸਨ ਅਤੇ ਉਨ੍ਹਾਂ ਗਾਰੰਟੀਆਂ ’ਚ ਆਂਗਨਵਾੜੀ ਵਰਕਰਾਂ ਹੈਲਪਰਾਂ ਦੀਆਂ ਸਮੱਸਿਆਵਾਂ ਦਾ ਹੱਲ ਮੁੱਢਲੇ ਆਧਾਰ 'ਤੇ ਕਰਨਾ ਤੇ ਮਾਣ-ਭੱਤੇ ’ਚ ਦੁੱਗਣਾ ਕਰਨ ਦਾ ਵਾਅਦਾ ਵੀ ਸ਼ਾਮਲ ਸੀ। ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਮੀਟਿੰਗਾਂ ’ਚ ਹੋਰ ਵੀ ਬਹੁਤ ਸਾਰੀਆਂ ਮੰਗਾਂ ਸਬੰਧੀ ਵਿਸ਼ਵਾਸ ਦਿਵਾਇਆ ਗਿਆ ਸੀ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫ਼ੇਸ ਰੈਕੋਗਨਾਈਜੇਸ਼ਨ ਸਿਸਟਮ ਤਹਿਤ ਲਾਭਪਾਤਰੀਆਂ ਦੀ ਸ਼ਨਾਖਤ ਕਰਨ ਲਈ ਆਂਗਨਵਾੜੀ ਕੇਂਦਰਾਂ ’ਚ ਮੋਬਾਈਲ ਖ਼ਰੀਦ ਕੇ ਦੇਣੇ ਹਨ। ਚਾਰ ਸਾਲ ਬੀਤਣ ’ਤੇ ਮੋਬਾਈਲ ਨਹੀਂ ਖ਼ਰੀਦੇ ਗਏ। ਵਿਭਾਗ ਦੇ ਅਕਸ ਨੂੰ ਬਚਾਉਣ ਲਈ ਆਂਗਨਵਾੜੀ ਵਰਕਰਾਂ ਆਪਣੇ ਮੋਬਾਈਲਾਂ ਤੋਂ ਕੰਮ ਕਰ ਰਹੀਆਂ ਹਨ। ਪਰ ਐੱਫਆਰਐੱਸ ਨੂੰ ਬਹਾਨਾ ਬਣਾ ਕੇ ਅਜਨਾਲੇ ਤੋਂ ਇਕ ਆਂਗਨਵਾੜੀ ਵਰਕਰ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ।
ਜੱਥੇਬੰਦੀ ਨੇ ਕਿਹਾ ਕਿ ਇਹ ਅਸੂਲਨ ਗਲਤ ਹੈ, ਜਿੰਨੀ ਦੇਰ ਸਰਕਾਰ ਨੇ ਫ਼ੋਨ ਨਹੀਂ ਦਿੱਤੇ ਤਾਂ ਸੇਵਾਵਾਂ ਕਿਵੇਂ ਖਤਮ ਕੀਤੀਆਂ ਜਾ ਸਕਦੀਆਂ ਹਨ। ਜਥੇਬੰਦੀ ਮੰਗ ਕਰਦੀ ਹੈ ਕਿ ਵਿਭਾਗ ਨੂੰ ਉਕਤ ਆਂਗਨਵਾੜੀ ਵਰਕਰ ਜਸਵਿੰਦਰ ਕੌਰ ਦੀਆਂ ਸੇਵਾਵਾਂ ਤੁਰੰਤ ਬਹਾਲ ਕੀਤੀਆ ਜਾਣ। ਉਨਾਂ ਨੇ ਦੱਸਿਆ ਕਿ ਆਮ ਆਦਮੀ ਸਰਕਾਰ ਦੇ ਸਮੇਂ ਆਂਗਨਵਾੜੀ ਦੀ ਭਰਤੀ ਲਈ ਹਦਾਇਤਾਂ ਤਿੰਨ ਵਾਰ ਬਦਲੀਆਂ ਜਾ ਚੁੱਕੀਆਂ ਹਨ ਤੇ ਜਿਸ ’ਚ ਲੰਬੇ ਸਮੇਂ ਤੋਂ ਲੜ ਕੇ ਪ੍ਰਾਪਤ ਕੀਤੇ ਬਹੁਤ ਸਾਰੇ ਹੱਕ ਵੀ ਖਤਮ ਕਰ ਦਿੱਤੇ ਗਏ ਹਨ। ਨਵੀਂ ਭਰਤੀ ਵਿੱਚ ਇੰਟਰਵਿਊ ਦੇ ਪੰਜ ਨੰਬਰ ਸਿੱਧੇ ਸਿੱਧੇ ਤੌਰ ’ਤੇ ਭ੍ਰਿਸ਼ਟਾਚਾਰ ਨੂੰ ਜਨਮ ਦਿੰਦੇ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਦਿੱਤੀ ਜਾ ਰਹੀ ਸਪਲੀਮੈਂਟਰੀ ਨਿਊਟਰੀਸ਼ਨ ਜਿਸ ਵਿਚ ਖਿੱਚੜੀ ਨਮਕੀਨ ਦਲੀਆ ਤੇ ਮਿੱਠਾ ਦਲੀਆ ਸ਼ਾਮਲ ਹੈ। ਉਹ ਸਹੀ ਅਰਥਾਂ ਵਿਚ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ ਅਤੇ ਇਸ ਵਿੱਚ ਸੁਧਾਰ ਦੀ ਮੰਗ ਬਹੁਤ ਵਾਰ ਕੀਤੀ ਜਾ ਚੁੱਕੀ ਹੈ। ਐੱਨਜੀਓ ਨੂੰ ਦਿੱਤੀ ਗਈ ਫੀਡ ਵਾਪਸ ਵਿਭਾਗ ’ਚ ਸ਼ਾਮਿਲ ਕਰਨਾ ਪੈਨਸ਼ਨ ਗਰੈਚੂਇਟੀ ਲਾਗੂ ਕਰਵਾਉਣਾ ਆਦਿ ਮੰਗਾਂ ਨੂੰ ਲੈ ਕੇ ਪਹਿਲੀ ਮਾਰਚ ਨੂੰ ਮਲੋਟ ਵਿਖੇ ਵਿਭਾਗੀ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਬਲਾਕ ਦੇ ਸਰਕਲਾਂ ਵਿੱਚ ਆਂਗਣਵਾੜੀ ਆਗੂਆਂ ਤੇਜਿੰਦਰ ਵਾਲੀਆ,ਸੁਮਨ ਲਤਾ, ਸ਼ਿੰਦਰ ਕੌਰ ਬਰੇ, ਪੁਸ਼ਪਾ ਖੁਡਾਲ, ਰੋਜ਼ੀ, ਸੁਮਨ ਲਤਾ, ਵੀਰਪਾਲ ਕੌਰ ਗੁਰਨੇ, ਬਸੀਰਾ ਖੁਡਾਲ, ਗੁਰਪਾਲ ਕੌਰ, ਸਿਖਾ, ਜੀਤ ਕੌਰ, ਜੱਸੀ ਕੌਰ ਆਦਿ ਤਿਆਰੀ ਵਿੱਚ ਜੁੱਟੀਆਂ ਹੋਈਆਂ ਹਨ।