ਆਂਗਨਵਾੜੀ ਮੁਲਾਜ਼ਮ ਯੂਨੀਅਨ ਪੁਰਾਣੇ ਮੋਬਾਈਲਾਂ ਨੂੰ ਸਵੀਕਾਰ ਨਹੀਂ ਕਰੇਗੀ : ਬਰੇਟਾ
ਆਂਗਣਵਾੜੀ ਮੁਲਾਜ਼ਮ ਯੂਨੀਅਨ
Publish Date: Fri, 03 Apr 2026 06:50 PM (IST)
Updated Date: Sat, 04 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ
ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਨੂੰ ਪਹਿਲਾਂ ਵਰਤੇ ਹੋਏ ਮੋਬਾਈਲ ਦੇਣ ਦੀ ਯੋਜਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਅਜਿਹਾ ਬਰਦਾਸ਼ਤ ਨਹੀਂ ਕਰੇਗੀ। ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ਼ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋਂ ਸੱਤਾ ਵਿੱਚ ਹੈ ਅਤੇ ਆਂਗਨਵਾੜੀ ਮੁਲਾਜ਼ਮਾਂ ਨੂੰ ਲਾਰਾ ਲੱਪਾ ਲਗਾ ਕੇ ਡੰਗ ਟਪਾ ਰਹੀ ਹੈ। ਉਨ੍ਹਾਂ ਕਿਹਾ ਕਿ ਆਂਗਨਵਾੜੀ ਮੁਲਾਜ਼ਮਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਆਂਗਨਵਾੜੀ ਮੁਲਾਜ਼ਮਾਂ ਦੇ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਅਤੇ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਮੁਲਾਜ਼ਮਾਂ ਨੂੰ ਮੋਬਾਈਲ ਦਿੱਤੇ ਜਾਣੇ ਸਨ ਜੋ ਹਾਲਾਂ ਤੱਕ ਨਹੀਂ ਦਿੱਤੇ। ਜਦੋਂ ਹੁਣ ਮੋਬਾਈਲ ਦੇਣੇ ਹਨ ਤਾਂ ਬੀਐੱਲਓ ਵੱਲੋਂ ਪਹਿਲਾਂ ਵਰਤੇ ਗਏ ਮੋਬਾਇਲ ਮੁਹੱਈਆ ਕਰਵਾਏ ਜਾ ਰਹੇ ਹਨ। ਇੰਨ੍ਹਾਂ ਮੋਬਾਇਲਾਂ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਸਵੀਕਾਰ ਨਹੀਂ ਕਰੇਗੀ। ਆਂਗਨਵਾੜੀ ਆਗੂ ਦੱਸਿਆ ਕਿ ਉਕਤ ਮੋਬਾਈਲ ਸਾਲ 2019 ਵਿੱਚ ਦਿੱਤੇ ਜਾਣੇ ਸਨ, ਜਿਸ ਦੇ ਲਈ ਫੰਡ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਸੀ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਮੋਬਾਇਲ ਫੋਨ ਨਹੀਂ ਦਿੱਤੇ ਗਏ ਅਤੇ ਸਾਲ 2022 ਵਿੱਚ ਭਗਵੰਤ ਮਾਨ ਸਰਕਾਰ ਹੋਂਦ 'ਚ ਆਈ ਇਹਨਾਂ ਵੱਲੋਂ ਵੀ ਮੋਬਾਇਲ ਨਹੀਂ ਦਿੱਤੇ ਗਏ। ਉਕਤ ਮੋਬਾਈਲ ਹੁਣ ਸਾਲ 2026 ਦੇ ਵਿੱਚ ਦਿੱਤੇ ਜਾ ਰਹੇ ਹਨ, ਜੋ ਕਿ ਬੀਐੱਲਓ ਵੱਲੋਂ ਵਰਤੇ ਗਏ ਪੁਰਾਣੇ ਮੋਬਾਇਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਨੀਅਨ ਵੱਲੋਂ ਫੈਸਲਾ ਕੀਤਾ ਗਿਆ ਕਿ ਪਹਿਲਾਂ ਵਰਤੇ ਗਏ ਮੋਬਾਇਲ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਹਨਾਂ ਮੋਬਾਈਲਾਂ ਦੇ ਲੇਟ ਹੋਣ ਨਾਲ ਉਨ੍ਹਾਂ ਦਾ ਕੰਮ ਪਹਿਲਾਂ ਹੀ ਕਾਫੀ ਪ੍ਰਭਾਵਿਤ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਆਂਗਨਵਾੜੀ ਮੁਲਾਜ਼ਮਾਂ ਨੂੰ ਜਲਦੀ ਨਵੇਂ ਮੋਬਾਈਲ ਮੁਹੱਈਆ ਕਰਵਾਏ ਜਾਣ ਤਾਂ ਜੋ ਆਂਗਨਵਾੜੀ ਮੁਲਾਜ਼ਮ ਆਪਣੇ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰ ਸਕਣ।