ਜਾਮ ’ਚ ਫਸਦੀਆਂ ਐਂਬੂਲੈਂਸਾਂ ਕਾਰਨ ਮਰੀਜ਼ਾਂ ਦੀ ਜਾਨ ਖ਼ਤਰੇ ’ਚ
ਮਾਨਸਾ ਸ਼ਹਿਰ ਦੇ ਬਾਜ਼ਾਰ ਖੇਤਰਾਂ ਵਿੱਚ ਲਗਾਤਾਰ
Publish Date: Mon, 19 Jan 2026 06:12 PM (IST)
Updated Date: Tue, 20 Jan 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸ਼ਹਿਰ ਦੇ ਬਾਜ਼ਾਰਾਂ ’ਚ ਲੱਗੀ ਭੀੜ ਅਤੇ ਆਵਾਜਾਈ ਕਾਰਨ ਲੱਗਦੇ ਜਾਮਾਂ ’ਚ ਐਂਬੂਲੈਂਸਾਂ ਫ਼ਸ ਜਾਂਦੀਆਂ ਹਨ ਤੇ ਕਾਫ਼ੀ ਸਮਾਂ ਇਨ੍ਹਾਂ ਐਂਬੂਲੈਂਸਾਂ ਦਾ ਜਾਮਾਂ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਐਂਬੂਲੈਂਸਾਂ ਜਾਮ ’ਚ ਫ਼ਸ ਜਾਣ ਕਾਰਨ ਮਰੀਜ਼ਾਂ ਦੀ ਜਾਨ ਤੱਕ ਖ਼ਤਰੇ ਵਿੱਚ ਪੈ ਜਾਂਦੀ ਹੈ। ਅੱਜ ਵੀ ਮਾਨਸਾ ਸ਼ਹਿਰ ’ਚ ਮਰੀਜ਼ਾਂ ਨੂੰ ਲਿਜਾ ਰਹੀਆਂ ਤਿੰਨ ਐਂਬੂਲੈਂਸਾਂ ’ਚ ਤਕਰੀਬਨ 5 ਮਿੰਟ ਜਾਮ ’ਚ ਫਸੀਆਂ ਰਹੀਆਂ। ਐਂਬੂਲੈਂਸ ’ਚ ਮੌਜੂਦ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧ ਗਈ। ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਦਾ ਸਿਵਲ ਹਸਪਤਾਲ ਅਤੇ ਕਈ ਨਿੱਜੀ ਹਸਪਤਾਲ ਬਾਜ਼ਾਰ ਵਿਚਕਾਰ ਸਥਿਤ ਹੋਣ ਕਾਰਨ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਲਿਜਾਣ ਸਮੇਂ ਐਂਬੂਲੈਂਸਾਂ ਅਕਸਰ ਟ੍ਰੈਫਿਕ ਜਾਮ ਵਿੱਚ ਫ਼ਸ ਜਾਂਦੀਆਂ ਹਨ। ਕਈ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਹੁੰਦੇ ਹਨ। ਜਾਮਾਂ ਵਿੱਚ ਐਂਬੂਲੈਂਸਾਂ ਨੂੰ ਰਾਹ ਨਹੀਂ ਦਿੱਤਾ ਜਾਂਦਾ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ, ਟ੍ਰੈਫ਼ਿਕ ਪ੍ਰਬੰਧ ਸੁਧਾਰਿਆ ਜਾਵੇ ਤੇ ਢੁੱਕਵੀਂ ਪਾਰਕਿੰਗ ਵਿਵਸਥਾ ਕੀਤੀ ਜਾਵੇ ਤਾਂ ਜੋ ਐਮਰਜੈਂਸੀ ਸੇਵਾਵਾਂ ਨੂੰ ਬਿਨਾਂ ਰੁਕਾਵਟ ਆਪਣਾ ਕੰਮ ਕਰਨ ਦਾ ਮੌਕਾ ਮਿਲ ਸਕੇ।