ਔਰਤ ਨੇ ਲਿਆ ਫਾਹਾ, ਕੇਸ ਦਰਜ
ਪਿੰਡ ਅਕਬਰਪੁਰ ਖੁਡਾਲ
Publish Date: Fri, 16 Jan 2026 06:47 PM (IST)
Updated Date: Sat, 17 Jan 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪਿੰਡ ਅਕਬਰਪੁਰ ਖੁਡਾਲ ’ਚ ਔਰਤ ਵੱਲੋਂ ਘਰ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਲਿਆ। ਥਾਣਾ ਬਰੇਟਾ ਪੁਲਿਸ ਨੇ ਮ੍ਰਿਤਕਾ ਦੇ ਪਤੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਬਰੇਟਾ ਦੇ ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਰਾਤ ਅਕਬਰਪੁਰ ਖੁਡਾਲ ’ਚ ਵੀਰਪਾਲ ਕੌਰ ਪਤਨੀ ਜਗਰਾਜ ਸਿੰਘ ਨੇ ਪੇਟੀ ਵਾਲੇ ਕਮਰੇ ’ਚ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਵੀਰਪਾਲ ਕੌਰ ਦੇ ਪਿਤਾ ਭੋਲਾ ਸਿੰਘ ਦੁਆਰਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਉਨ੍ਹਾਂ ਦੱਸਿਆ ਹੈ ਕਿ ਉਸ ਦੀ ਲੜਕੀ ਵੀਰਪਾਲ ਕੌਰ ਨਾਲ ਉਸ ਦੇ ਪਤੀ ਜਗਰਾਜ ਸਿੰਘ ਦਾ ਝਗੜਾ ਰਹਿੰਦਾ ਸੀ। ਜਗਰਾਜ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ, ਪਰ ਪਹਿਲੇ ਵਿਆਹ ‘ਚੋਂ ਰਿਸ਼ਤੇ ’ਚ ਉਸ ਦੀ ਸਾਲੀ ਅਤੇ ਸੱਸ ਅਜੇ ਵੀ ਉਨ੍ਹਾਂ ਦੇ ਘਰ ’ਚ ਆ ਕੇ ਦਖ਼ਲਅੰਦਾਜ਼ੀ ਕਰਦੇ ਸਨ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਵੀਰਪਾਲ ਕੌਰ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ’ਤੇ ਪਤੀ ਜਗਰਾਜ ਸਿੰਘ, ਜਗਰਾਜ ਸਿੰਘ ਦੇ ਪਹਿਲੇ ਵਿਆਹ ਦੇ ਰਿਸ਼ਤੇ ’ਚੋਂ ਸਾਲੀ ਕਿਰਨਾ ਤੇ ਸੱਸ ਪਰਮਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।