ਬਲਾਕ ਸੰਮਤੀ ਮੈਂਬਰਾਂ ਵੱਲੋਂ ਵਿਧਾਇਕ ਦੇ ਪੀਏ ਖ਼ਿਲਾਫ਼ ਦਰਖ਼ਾਸਤ
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ
Publish Date: Sun, 15 Mar 2026 08:28 PM (IST)
Updated Date: Mon, 16 Mar 2026 04:17 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ, ਜ਼ਿਲ੍ਹਾ ਪ੍ਰੀਸ਼ਦ ‘ਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਸ਼ਨੀਵਾਰ ਨੂੰ ਹੋਣ ਵਾਲੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ ਅਤੇ ਹੋਈ ਚੋਣ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਦੇ ਇਲਾਵਾ ਅਕਾਲੀ ਦਲ ਬਲਾਕ ਸੰਮਤੀ ਮੈਂਬਰਾਂ ਵੱਲੋਂ ਇੱਕ ਦਰਖਾਸਤ ਵਿਧਾਇਕ ਡਾ. ਵਿਜੇ ਸਿੰਗਲਾ ਦੇ ਪੀਏ ਖ਼ਿਲਾਫ਼ ਐਸਐਸਪੀ ਮਾਨਸਾ ਨੂੰ ਦਿੱਤੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ’ਚ ਬਲਾਕ ਸੰਮਤੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਈ ਸੀ। ਇਸ ਦੌਰਾਨ ‘ਆਪ’ ਦੀ ਖੁਸ਼ਪ੍ਰੀਤ ਕੌਰ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਸਹਾਰਨਾ ਨੂੰ ਵਾਈਸ ਚੇਅਰਮੈਨ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਦੌਰਾਨ ਵਿਧਾਇਕ ਡਾ. ਵਿਜੇ ਸਿੰਗਲਾ ਵੀ ਮੌਜੂਦ ਸਨ, ਪਰ ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਦੋਸ਼ ਲਗਾਇਆ ਸੀ ਕਿ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨੂੰ ਵੋਟ ਹੀ ਨਹੀਂ ਪਾਉਣ ਦਿੱਤੀ ਤੇ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਇਸ ਲਈ ਚੋਣ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਉਧਰ ਅਕਾਲੀ ਦਲ ਬਲਾਕ ਸੰਮਤੀ ਮੈਂਬਰਾਂ ਵੱਲੋਂ ਮਾਨਸਾ ਦੇ ਵਿਧਾਇਕ ਦੇ ਪੀਏ ਗੁਰਲਾਲ ਸਿੰਘ ਖ਼ਿਲਾਫ਼ ਦਰਖਾਸਤ ਦਿੱਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬਲਾਕ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਬਲਾਕ ਸੰਮਤੀ ਮੈਂਬਰਾਂ ਵੱਲੋਂ ਪੀਏ ‘ਤੇ ਗਲਤ ਇਸ਼ਾਰੇ ਕਰਨ ਦੇ ਦੋਸ਼ ਲਗੇ ਹਨ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਬਲਾਕ ਸਮਿਤੀ ਮੈਂਬਰਾਂ ਵੱਲੋਂ ਮਾਨਸਾ ਦੇ ਐਸਐਸਪੀ ਅਤੇ ਪੰਜਾਬ ਮਹਿਲਾ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਪੀਏ ਗੁਰਲਾਲ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।