ਦੋਹਰਾ ਕਤਲ ਕੇਸ : ਅਹਿਮਦਪੁਰ ਬਸ਼ਿੰਦਿਆਂ ਨੇ ਇਨਸਾਫ਼ ਲਈ ਲਾਇਆ ਐੱਸਐੱਸਪੀ ਦਫ਼ਤਰ ਅੱਗੇ ਧਰਨਾ
ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ
Publish Date: Wed, 07 Jan 2026 07:53 PM (IST)
Updated Date: Thu, 08 Jan 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿੱਚ ਬੁਜ਼ਰਗ ਜੰਗੀਰ ਸਿੰਘ ਤੇ ਬਿਰਧ ਮਾਈ ਰਣਜੀਤ ਕੌਰ ਅਲੱਗ-ਅਲੱਗ ਘਰਾਂ ’ਚ ਸੁੱਤੇ ਪਏ ਹੋਣ ਸਮੇਂ ਕੀਤੇ ਗਏ ਦੋਹਰੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਵਿੱਚ ਪੁਲਿਸ ਨਾਕਾਮ ਰਹੀ ਹੈ। ਪਰਿਵਾਰ ਨੂੰ 2 ਸਾਲਾਂ ਬਾਅਦ ਵੀ ਇਨਸਾਫ਼ ਨਾ ਮਿਲਣ ਤੇ ਪੁਲੀਸ ਅਧਿਕਾਰੀਆਂ ਵੱਲੋਂ ਵਾਰ-ਵਾਰ ਦਿੱਤੇ ਭਰੋਸੇ ਤੋਂ ਅੱਕੇ ਪਰਿਵਾਰਕ ਮੈਂਬਰਾਂ ਅਤੇ ਕਿਸਾਨਾਂ ਵੱਲੋਂ ਅੱਜ ਮਾਨਸਾ ਦੇ ਐਸਐਸਪੀ ਦਫ਼ਤਰ ਅੱਗੇ ਧਰਨਾ ਲਗਾਇਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬਜ਼ੁਰਗਾਂ ਦਾ ਕਤਲ ਅਲੱਗ-ਅਲੱਗ ਘਰਾਂ ’ਚ ਪਏ ਇੱਕੋ ਰਾਤ ਕੁੱਝ ਵਿਅਕਤੀਆਂ ਵੱਲੋਂ ਕਰ ਦਿੱਤਾ ਗਿਆ, ਪਰ ਇਸ ਦੇ ਬਾਅਦ ਪੁਲਿਸ ਵੱਲੋਂ ਇਸ ਸਬੰਧੀ ਕੋਈ ਸੰਤੁਸ਼ਟੀਜਨਕ ਕਾਰਵਾਈ ਨਹੀਂ ਕੀਤੀ ਗਈ। ਇਹ ਕਤਲ ਕਰਨ ਵਾਲਿਆਂ ਦਾ ਦੋ ਸਾਲਾਂ ਬਾਅਦ ਵੀ ਕੁੱਝ ਪਤਾ ਨਹੀਂ ਚੱਲਿਆ ਹੈ। ਇਹ ਕਤਲ ਸਾਲ 2024 ‘ਚ ਜਨਵਰੀ ਮਹੀਨੇ ਹੋਏ ਸਨ ਪਰ ਅਜੇ ਤੱਕ ਪੁਲਿਸ ਕੋਈ ਵੀ ਸੁਰਾਗ ਨਹੀਂ ਲੱਭ ਸਕੀ।
ਸਾਬਕਾ ਸਰਪੰਚ ਹੰਸ ਰਾਜ, ਜਗਮੇਲ ਸਿੰਘ, ਤੇਜਰਾਮ ਨੇ ਕਿਹਾ ਕਿ ਲਗਾਤਾਰ ਪਰਿਵਾਰਾਂ ਦੇ ਮੈਂਬਰਾਂ ਦੁਆਰਾ ਬੁਢਲਾਡਾ ਥਾਣਾ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਪਰ ਪੁਲਿਸ ਕਾਤਲਾਂ ਨੂੰ ਫੜਨ ਵਿਚ ਨਾਕਾਮ ਰਹੀ ਹੈ। 2 ਸਾਲ ਬੀਤ ਜਾਣ ਬਾਅਦ ਅੱਜ ਮਜ਼ਬੂਰਨ ਇੱਥੇ ਐਸਐਸਪੀ ਦਫ਼ਤਰ ਅੱਗੇ ਧਰਨਾ ਲਗਾਉਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਦੇ ਕਾਤਲਾਂ ਨੂੰ ਨਾ ਫੜ੍ਹਿਆ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਡੀਐੱਸਪੀ ਬੂਟਾ ਸਿੰਘ ਗਿੱਲ ਨੂੰ ਪਰਿਵਾਰਕ ਮੈਂਬਰਾਂ ਤੇ ਕਿਸਾਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਇਸ ਮਾਮਲੇ ’ਚ ਸਿੱਟ ਬਣਾਏ ਜਾਣ ਅਤੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ।