ਸ਼ਹੀਦ ਭਗਤ ਸਿੰਘ ਇਨਕਲੇਵ ਦੀਆਂ 50 ਜਾਇਦਾਦਾਂ ਦੀ ਹੋਵੇਗੀ ਈ-ਨੀਲਾਮੀ
ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ
Publish Date: Thu, 11 Jun 2026 04:48 PM (IST)
Updated Date: Fri, 12 Jun 2026 04:06 AM (IST)

ਲੋਕਾਂ ਦਾ ਸਰਕਾਰੀ ਪ੍ਰੋਜੈਕਟਾਂ ਤੇ ਵਧਿਆ ਭਰੋਸਾ : ਜਤਿੰਦਰ ਭੱਲਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਕਾਨਫ਼ਰੰਸ ਦੌਰਾਨ ਕਿਹਾ ਕਿ ਬਲੂ ਫੋਕਸ ਪਲਾਜ਼ਾ ਦੀ ਹਾਲ ਹੀ ਵਿੱਚ ਹੋਈ ਈ-ਨੀਲਾਮੀ ਨੂੰ ਲੋਕਾਂ ਵੱਲੋਂ ਮਿਲਿਆ ਭਰਪੂਰ ਹੁੰਗਾਰਾ ਪੰਜਾਬ ਸਰਕਾਰ ਅਤੇ ਨਗਰ ਸੁਧਾਰ ਟਰੱਸਟ ਦੀ ਕਾਰਗੁਜ਼ਾਰੀ ਤੇ ਲੋਕਾਂ ਦੇ ਵਧਦੇ ਵਿਸ਼ਵਾਸ ਦੀ ਵੱਡੀ ਮਿਸਾਲ ਹੈ। ਉਨ੍ਹਾਂ ਦੱਸਿਆ ਕਿ ਬਲੂ ਫੋਕਸ ਪਲਾਜ਼ਾ ਦੇ 26 ਸ਼ੋਰੂਮਾਂ ਦੀ ਬੋਲੀ ਲਈ 195 ਵਿਅਕਤੀਆਂ ਨੇ ਆਨਲਾਈਨ ਹਿੱਸਾ ਲਿਆ, ਜੋ ਕਿ ਸਰਕਾਰੀ ਨੀਲਾਮੀਆਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਹੈ। ਜਤਿੰਦਰ ਭੱਲਾ ਨੇ ਕਿਹਾ ਕਿ ਆਮ ਤੌਰ ਤੇ ਸਰਕਾਰੀ ਬੋਲੀਆਂ ਵਿੱਚ ਬਹੁਤ ਘੱਟ ਲੋਕ ਹਿੱਸਾ ਲੈਂਦੇ ਹਨ, ਪਰ ਇਸ ਵਾਰ 195 ਬੋਲੀਆਂ ਦਾ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਬੈਂਸ ਅਤੇ ਨਗਰ ਸੁਧਾਰ ਟਰੱਸਟ ਦੀ ਕਾਰਗੁਜ਼ਾਰੀ ਤੇ ਭਰੋਸਾ ਵਧਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼ੋਰੂਮ ਹਾਸਲ ਕੀਤੇ ਹਨ, ਉਨ੍ਹਾਂ ਨੂੰ ਟਰੱਸਟ ਵੱਲੋਂ ਹਰ ਸੰਭਵ ਸਹੂਲਤ ਦਿੱਤੀ ਜਾਵੇਗੀ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲੂ ਫੋਕਸ ਪਲਾਜ਼ਾ ਬਠਿੰਡਾ ਦਾ ਇੱਕ ਮਹੱਤਵਪੂਰਨ ਅਤੇ ਯਾਦਗਾਰੀ ਪ੍ਰੋਜੈਕਟ ਹੈ, ਜੋ ਜਲਦ ਮੁਕੰਮਲ ਹੋ ਕੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰੇਗਾ। ਇਹ ਵਪਾਰਕ ਕੰਪਲੈਕਸ ਨਾ ਸਿਰਫ਼ ਸ਼ਹਿਰ ਦੀ ਦਿੱਖ ਨੂੰ ਨਿਖਾਰੇਗਾ, ਸਗੋਂ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ। ਚੇਅਰਮੈਨ ਨੇ ਦੱਸਿਆ ਕਿ ਹੁਣ ਨਗਰ ਸੁਧਾਰ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਇਨਕਲੇਵ ਕਾਲੋਨੀ ਦੀਆਂ 50 ਜਾਇਦਾਦਾਂ ਦੀ ਈ-ਨੀਲਾਮੀ ਕਰਵਾਈ ਜਾ ਰਹੀ ਹੈ। 32 ਏਕੜ ਵਿੱਚ ਵਿਕਸਤ ਕੀਤੀ ਗਈ ਇਸ ਕਾਲੋਨੀ ਵਿੱਚ ਪਹਿਲਾਂ 116 ਲਾਭਪਾਤਰੀਆਂ ਨੂੰ ਡਰਾਅ ਰਾਹੀਂ ਮਾਲਕੀ ਪੱਤਰ ਸੌਂਪੇ ਜਾ ਚੁੱਕੇ ਹਨ। ਹੁਣ 30 ਰਿਹਾਇਸ਼ੀ ਪਲਾਟ ਅਤੇ 20 ਵਪਾਰਕ ਜਾਇਦਾਦਾਂ ਈ-ਨੀਲਾਮੀ ਰਾਹੀਂ ਵੇਚੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨੀਲਾਮੀ ਵਿੱਚ ਵੱਖ-ਵੱਖ ਅਕਾਰ ਦੇ ਪਲਾਟ ਸ਼ਾਮਲ ਹਨ, ਜਿਨ੍ਹਾਂ ਵਿੱਚ 418, 399, 191, 143 ਅਤੇ 108 ਵਰਗ ਗਜ਼ ਦੇ ਪਲਾਟ ਸ਼ਾਮਲ ਹਨ। ਇਨ੍ਹਾਂ ਪਲਾਟਾਂ ਦੀ ਰਾਖਵੀਂ ਕੀਮਤ 22 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਇਲਾਵਾ 10 ਐਸ.ਸੀ.ਐਫ. (ਸ਼ਾਪ ਕਮ ਫਲੈਟ) ਅਤੇ 10 ਐਸ.ਸੀ.ਓ. (ਸ਼ਾਪ ਕਮ ਆਫਿਸ) ਵੀ ਨੀਲਾਮੀ ਲਈ ਰੱਖੇ ਗਏ ਹਨ। ਭੱਲਾ ਨੇ ਦੱਸਿਆ ਕਿ ਇਸ ਈ-ਨੀਲਾਮੀ ਲਈ ਰਜਿਸਟ੍ਰੇਸ਼ਨ 26 ਜੂਨ ਤੱਕ ਕੀਤੀ ਜਾ ਸਕਦੀ ਹੈ, ਜਦਕਿ ਬੋਲੀ ਦੀ ਪ੍ਰਕਿਰਿਆ 30 ਜੂਨ ਤੋਂ ਸ਼ੁਰੂ ਹੋ ਕੇ 2 ਜੁਲਾਈ ਤੱਕ ਚੱਲੇਗੀ। 3 ਜੁਲਾਈ ਨੂੰ ਸਫਲ ਬੋਲੀਕਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਅਤੇ ਦੇਸ਼ ਭਰ ਦੇ ਨਿਵੇਸ਼ਕਾਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਜਤਿੰਦਰ ਭੱਲਾ ਨੇ ਕਿਹਾ ਕਿ ਲੋਕ ਸਰਕਾਰੀ ਬੋਲੀਆਂ ਅਤੇ ਡਰਾਅ ਪ੍ਰਣਾਲੀ ਨੂੰ ਲਗਭਗ ਭੁੱਲ ਚੁੱਕੇ ਸਨ, ਪਰ ਆਮ ਆਦਮੀ ਪਾਰਟੀ ਸਰਕਾਰ ਨੇ ਇਨ੍ਹਾਂ ਪ੍ਰਕਿਰਿਆਵਾਂ ਵਿੱਚ ਮੁੜ ਪਾਰਦਰਸ਼ਤਾ ਅਤੇ ਲੋਕਾਂ ਦਾ ਵਿਸ਼ਵਾਸ ਬਹਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਨਗਰ ਸੁਧਾਰ ਟਰੱਸਟ ਨੇ ਬਲੂ ਫੋਕਸ ਪਲਾਜ਼ਾ, ਕਰਤਾਰ ਸਿੰਘ ਸਰਾਭਾ ਸੈਰਗਾਹ, ਰਿੰਗ ਰੋਡ ਅਤੇ ਟਰੱਸਟ ਫਿਊਲਜ਼ ਪੈਟਰੋਲ ਪੰਪ ਵਰਗੇ ਲੰਬੇ ਸਮੇਂ ਤੋਂ ਰੁਕੇ ਹੋਏ ਪ੍ਰੋਜੈਕਟਾਂ ਨੂੰ ਮੁੜ ਗਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਬਠਿੰਡਾ ਦੇ ਵਿਕਾਸ ਲਈ ਹਰ ਸੰਭਵ ਯਤਨ ਜਾਰੀ ਰਹਿਣਗੇ। ਉਨ੍ਹਾਂ ਸ਼ਹਿਰ ਵਾਸੀਆਂ ਵੱਲੋਂ ਮਿਲੇ ਸਹਿਯੋਗ ਅਤੇ ਵਿਸ਼ਵਾਸ ਲਈ ਧੰਨਵਾਦ ਵੀ ਕੀਤਾ।