ਐਡਵੋਕੇਟ ਦਿਲਜੋਤ ਸ਼ਰਮਾ ਲਈ ਨਿਆਂ ਖ਼ਾਤਰ ਮਾਨਸਾ ਤੇ ਲੁਧਿਆਣਾ ’ਚ ਹੋਵੇਗਾ ਰੋਸ ਮੁਜ਼ਾਹਰਾ
ਲੁਧਿਆਣਾ ਵਿਖੇ ਸ਼ੱਕੀ ਢੰਗ ਨਾਲ ਮੌਤ ਦਾ ਸ਼ਿਕਾਰ
Publish Date: Sun, 18 Jan 2026 06:04 PM (IST)
Updated Date: Mon, 19 Jan 2026 04:11 AM (IST)

-ਦਰਜਨਾਂ ਜਨਤਕ ਤੇ ਸਿਆਸੀ ਸੰਗਠਨਾਂ ਦੇ ਆਗੂ ਦਿਲਜੋਤ ਕੌਰ ਦੀ ਅੰਤਿਮ ਅਰਦਾਸ ’ਚ ਹੋਏ ਸ਼ਾਮਲ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਲੁਧਿਆਣਾ ਵਿਖੇ ਸ਼ੱਕੀ ਢੰਗ ਨਾਲ ਮੌਤ ਦਾ ਸ਼ਿਕਾਰ ਹੋਈ ਐਡਵੋਕੇਟ ਲੜਕੀ ਕਾਮਰੇਡ ਦਿਲਜੋਤ ਸ਼ਰਮਾ ਦੀ ਅੰਤਿਮ ਅਰਦਾਸ ਅੱਜ ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਰੱਲਾ ਵਿਖੇ ਹੋਈ। ਇਸ ਮੌਕੇ ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਤੇ ਹਜ਼ਾਰਾਂ ਲੋਕ ਹਾਜ਼ਰ ਸਨ। ਇਸ ਮੌਕੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਪੱਤਰਕਾਰ ਹਮੀਰ ਸਿੰਘ ਅਤੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦਸਿਆ ਕਿ ਪਰਿਵਾਰ ਵੱਲੋਂ ਸ਼ੁਰੂ ਤੋਂ ਦਿਲਜੋਤ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਕਰਨ ਦੇ ਬਾਵਜੂਦ ਦੋ ਹਫ਼ਤੇ ਗੁਜ਼ਰ ਜਾਣ ਤੇ ਵੀ ਲੁਧਿਆਣਾ ਪੁਲਿਸ ਵੱਲੋਂ ਹਾਲੇ ਤੱਕ ਐਫ਼ਆਈਆਰ ਵੀ ਦਰਜ ਨਹੀਂ ਕੀਤੀ ਗਈ, ਜਿਸ ਤੋਂ ਪੁਲਿਸ ਦੀ ਮਨਸ਼ਾ ਬਾਰੇ ਗੰਭੀਰ ਖਦਸ਼ਾ ਖੜ੍ਹਾ ਹੋ ਰਿਹਾ ਹੈ। ਇਸ ਲਈ ਐਕਸ਼ਨ ਕਮੇਟੀ ਨੇ ਦਿਲਜੋਤ ਲਈ ਇਨਸਾਫ਼ ਦੇ ਨਾਅਰੇ ਤਹਿਤ 22 ਜਨਵਰੀ ਨੂੰ ਐੱਸਐੱਸਪੀ ਮਾਨਸਾ ਸਾਹਮਣੇ ਅਤੇ 2 ਫ਼ਰਵਰੀ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਨੇ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਤੇ ਵਿਅਕਤੀਆਂ ਨੂੰ ਇਨ੍ਹਾਂ ਰੋਸ ਮੁਜ਼ਾਹਰਿਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਐਕਸ਼ਨ ਕਮੇਟੀ ਡੀਜੀਪੀ ਪੰਜਾਬ ਨੂੰ ਵੀ ਮਿਲ ਕੇ ਕਾਰਵਾਈ ਦੀ ਮੰਗ ਕਰੇਗੀ ਤੇ ਜ਼ਰੂਰਤ ਪੈਣ ਤੇ ਹਾਈਕੋਰਟ ਤੱਕ ਵੀ ਪਹੁੰਚ ਕਰ ਕੇ ਇਨਸਾਫ਼ ਦੀ ਮੰਗ ਕਰੇਗੀ। ਅੰਤਿਮ ਅਰਦਾਸ ਮੌਕੇ ਆਰਐਮਪੀਆਈ ਆਗੂ ਪ੍ਰੋ. ਜੈਪਾਲ ਸਿੰਘ, ਸੀਪੀਐਮ ਆਗੂ ਐਡਵੋਕੇਟ ਸਵਰਨਜੀਤ ਦਲਿਓਂ, ਸੀਪੀਆਈ ਆਗੂ ਕ੍ਰਿਸ਼ਨ ਚੌਹਾਨ, ਪ੍ਰਗਤੀਸ਼ੀਲ ਇਸਤਰੀ ਸਭਾ ਆਗੂ ਜਸਬੀਰ ਕੌਰ ਨੱਤ, ਇਸਤਰੀ ਜਾਗ੍ਰਿਤੀ ਮੰਚ ਆਗੂ ਅਮਨਦੀਪ ਦਿਓਲ, ਰੈਡ ਸਟਾਰ ਆਗੂ ਲਾਭ ਸਿੰਘ ਅਕਲੀਆ, ਨੌਜਵਾਨ ਆਗੂ ਲਵਪ੍ਰੀਤ ਫੈਰੋਕੇ, ਬੀਕੇਯੂ ਡਕੌਂਦਾ (ਧਨੇਰ) ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਜਮਹੂਰੀ ਕਿਸਾਨ ਸਭਾ ਦੇ ਮਾਸਟਰ ਛੱਜੂ ਰਾਮ ਰਿਸ਼ੀ, ਆਈਡੀਪੀ ਦੇ ਕਰਨੈਲ ਸਿੰਘ ਜਖੇਪਲ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਸੁਖਦੇਵ ਸਿੰਘ ਭੁਪਾਲ, ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਹਰਿੰਦਰ ਮਾਨਸ਼ਾਹੀਆ, ਤਰਕਸ਼ ਦੇ ਸੰਪਾਦਕ ਅਵਤਾਰ ਸਿੰਘ ਰਾਏਖਾਨਾ, ਆਇਸਾ ਆਗੂ ਸੁਖਜੀਤ ਰਾਮਾਂਨੰਦੀ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਆਗੂ ਬਲਵਿੰਦਰ ਘਰਾਂਗਣਾਂ, ਗੁਰਸੇਵਕ ਮਾਨ, ਹਲਕਾ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ, ਬ੍ਰਾਹਮਣ ਸਭਾ ਵੱਲੋਂ ਹਰਵਿੰਦਰ ਭਾਰਦਵਾਜ, ਲਲਕਾਰ ਧੜੇ ਦੇ ਸਰਗਰਮ ਵਰਕਰ ਰਹਿ ਚੁੱਕੇ ਕਲਪਨਾ, ਵਰੁਣ ਕੁਮਾਰ, ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਗਰਾਜ ਸਿੰਘ ਟੱਲੇਵਾਲ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਮਨਿੰਦਰ ਸਿੰਘ ਜਵਾਹਰਕੇ, ਤਰਕਸ਼ੀਲ ਆਗੂ ਮੇਘ ਰਾਜ ਰੱਲਾ, ਸਿਮਰਜੀਤ ਸਿੰਘ ਖੀਵਾ, ਏਆਈਐਸਐਫ਼ ਦੇ ਆਗੂ ਰਜਿੰਦਰ ਸਮੇਤ ਹੋਰ ਬਹੁਤ ਸਾਰੇ ਲੇਖਕ ਤੇ ਸਰਗਰਮ ਆਗੂ ਸ਼ਾਮਲ ਸਨ। ਸਮਾਗਮ ਦੇ ਅੰਤ ਵਿੱਚ ਦਿਲਜੋਤ ਕੌਰ ਦੀ ਦੁਖੀ ਮਾਂ ਵੀਰਪਾਲ ਕੌਰ ਤੇ ਸਮੁੱਚੇ ਪਰਿਵਾਰ ਨੇ ਗੁਹਾਰ ਲਾਈ ਕਿ ਸਾਰੀਆਂ ਇਨਸਾਫ਼ ਪਸੰਦ ਸ਼ਕਤੀਆਂ ਨੂੰ ਉਨ੍ਹਾਂ ਦੀ ਬੇਟੀ ਨੂੰ ਇਨਸਾਫ ਦਿਵਾਉਣ ਲਈ ਪਰਿਵਾਰ ਨੂੰ ਸਹਿਯੋਗ ਦੇਣ। ਪਰਿਵਾਰ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖਤਾ ਨਾਲ ਪੜਤਾਲ ਕਰਨ।