ਮਨਰੇਗਾ ਕਾਨੂੰਨ ਖਤਮ ਕਰਨਾ ਭਾਜਪਾ ਦਾ ਮਜ਼ਦੂਰ ਵਿਰੋਧੀ ਚਿਹਰਾ ਹੋਇਆ ਨੰਗਾ : ਚੌਹਾਨ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਦੀ
Publish Date: Sat, 03 Jan 2026 05:26 PM (IST)
Updated Date: Sun, 04 Jan 2026 04:08 AM (IST)

-ਰੋਸ ਪੰਦਰਵਾੜੇ ਤਹਿਤ ਵਰਕਰਾਂ ਨੇ ਮੋਦੀ ਦੀ ਫੂਕੀ ਅਰਥੀ, 15 ਨੂੰ ਮਾਨਸਾ ਆਉਣ ਦਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਦੀ ਥਾਂ ਲੈਣ ਲਈ ਇਕ ਨਵਾਂ ਪੇਂਡੂ ਰੁਜ਼ਗਾਰ ਬਿੱਲ ਲਿਆਉਣਾ ਮਨਰੇਗਾ ਕਾਨੂੰਨ ਦਾ ਭੋਗ ਪਾਉਣ ਦੀ ਯੋਜਨਾ ਤੇ ਮਜ਼ਦੂਰ ਵਿਰੋਧੀ ਕਦਮ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੁਬਾਈ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ ਨੇ ਵੱਖ=ਵੱਖ ਪਿੰਡਾਂ ਮਾਨਸਾ ਖੁਰਦ, ਬੱਪੀਆਣਾ ਤੇ ਮੂਲਾ ਸਿੰਘ ਵਾਲਾ ਵਿਖੇ ਮਨਰੇਗਾ ਵਰਕਰਾਂ ਦੀਆਂ ਮੀਟਿੰਗਾਂ ਮੌਕੇ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਮਨਰੇਗਾ ਮਜ਼ਦੂਰਾਂ ਨੂੰ ਚੇਤਨ ਕਰਦਿਆਂ ਕਿਹਾ ਭਾਜਪਾ ਵੱਲੋਂ ਗੁੰਮਰਾਹ ਕੁੰਨ ਪ੍ਰਚਾਰ ਰਾਹੀਂ ਰੁਜ਼ਗਾਰ ਸਬੰਧੀ ਸ਼ਰੇਆਮ ਝੂਠ ਬੋਲਿਆ ਜਾ ਰਿਹਾ ਹੈ, ਜਦੋਂਕਿ ਅਮਲ ਵਿੱਚ ਨਵੇਂ ਕਾਨੂੰਨ ਮੁਤਾਬਕ ਕਾਮਿਆਂ ਨੂੰ ਰੁਜ਼ਗਾਰ ਮੁਹੱਈਆਂ ਨਹੀਂ ਹੋ ਸਕਦਾ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਰਾਜ ਸਰਕਾਰਾਂ ਤੇ 40 ਫ਼ੀਸਦੀ ਦਾ ਆਰਥਿਕ ਬੋਝ ਵੱਡਾ ਹੋਣ ਕਰਕੇ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਣਗੀਆਂ। ਇਸ ਦੇ ਮੱਦੇਨਜ਼ਰ ਮਨਰੇਗਾ ਕਾਨੂੰਨ ਦੀ ਬਹਾਲੀ, ਘੱਟੋ ਘੱਟ 200 ਦਿਨ ਕੰਮ ਅਤੇ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦਿਹਾੜੀ ਦੇਣ, ਚਾਰ ਲੇਬਰ ਕੋਡ, ਬਿਜਲੀ ਤੇ ਬੀਜ ਐਕਟ ਰੱਦ ਕਰਨ ਸਬੰਧੀ ਰੋਸ ਪੰਦਰਵਾੜੇ ਤਹਿਤ 15 ਜਨਵਰੀ ਨੂੰ ਵੱਡੇ ਕਾਫ਼ਲੇ ਬੰਨ੍ਹ ਮਾਨਸਾ ਪੁੱਜਣ ਦੀ ਅਪੀਲ ਕੀਤੀ। ਇਸ ਦੌਰਾਨ ਕਾਮਿਆਂ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਹੇਠ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਸੌਂਪਿਆ ਜਾਵੇਗਾ। ਸਾਥੀ ਕ੍ਰਿਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਪੱਖੀ ਇਤਿਹਾਸਕ ਮਨਰੇਗਾ ਕਾਨੂੰਨ ’ਚੋਂ ਮਹਾਤਮਾ ਗਾਂਧੀ ਦਾ ਨਾਮ ਜਾਣ ਬੁੱਝ ਕੇ ਹਟਾਉਣਾ ਪ੍ਰਸ਼ਾਸਕੀ ਤਬਦੀਲੀ ਨਹੀਂ ਸਗੋਂ ਇੱਕ ਡੂੰਘਾ ਫਾਸ਼ੀਵਾਦੀ ਵਿਚਾਰਧਾਰਕ ਕੰਮ ਹੈ। ਗਾਂਧੀ ਦੀਆਂ ਕਦਰਾਂ-ਕੀਮਤਾਂ ਤੇ ਵਿਰਾਸਤ ਨੂੰ ਭਾਜਪਾ ਦੀ ਵਿਰੋਧੀ ਸੋਚ ਨੂੰ ਉਜਾਗਰ ਕਰਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵੀਬੀ ਜੀ ਰਾਮ ਜੀ ਦਾ ਨਾਮ ਧਾਰਮਿਕ ਤੌਰ ‘ਤੇ ਵਰਤ ਕੇ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਹੈ। ਇਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧੰਨਾ ਸਿੰਘ ਬੱਪੀਆਣਾ, ਹਰਪਾਲ ਸਿੰਘ ਬੱਪੀਆਣਾ, ਹਰਨੇਕ ਸਿੰਘ ਢਿੱਲੋਂ, ਸੁਖਦੇਵ ਸਿੰਘ ਪੰਧੇਰ, ਪੱਪੀ ਸਿੰਘ ਮੂਲਾ ਸਿੰਘ ਵਾਲਾ, ਬੀਰਾ ਸਿੰਘ ਮੂਲਾ ਸਿੰਘ ਵਾਲਾ,ਗੁਰਬਚਨ ਸਿੰਘ, ਮਲਕੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।