ਬਜਟ ’ਚ ਬੁਢਾਪਾ ਪੈਨਸ਼ਨ 2500 ਤੇ ਔਰਤਾਂ ਨੂੰ ਦੇਵੇ ਹਜ਼ਾਰ ਰੁਪਇਆ
ਆਪ ਸਰਕਾਰ ਆਪਣੇ ਆਖਰੀ ਬਜਟ
Publish Date: Sat, 07 Mar 2026 06:37 PM (IST)
Updated Date: Sun, 08 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ‘ਆਪ’ ਦੀ ਸਰਕਾਰ ਆਪਣੇ ਆਖ਼ਰੀ ਬਜਟ ਵਿੱਚ ਬੁਢਾਪਾ ਪੈਨਸ਼ਨ 2500 ਤੇ ਔਰਤਾਂ ਨੂੰ 1000 ਬਕਾਇਆ ਸਮੇਤ ਲਾਗੂ ਕਰਕੇ ਵਾਅਦਾ ਪੂਰਾ ਕਰੇ। ਇਹ ਮੰਗ ਇਥੇ ਮਨਜੀਤ ਕੌਰ ਜੋਗਾ ਦੀ ਪ੍ਰਧਾਨਗੀ ਹੇਠ ਹੋਈ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਇਕ ਦਿਨਾ ਸੂਬਾ ਕਮੇਟੀ ਦੀ ਮੀਟਿੰਗ ਵਿਚ ਕੀਤੀ ਗਈ। ਇਸ ਮੌਕੇ ਫ਼ੈਸਲਾ ਕੀਤਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ 3 ਅਪ੍ਰੈਲ ਤੋਂ 10 ਤੱਕ ਸੂਬੇ ਅੰਦਰ ਜ਼ਿਲ੍ਹਾ ਪੱਧਰ ’ਤੇ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀਆਂ ਕੀਤੀਆਂ ਜਾਣਗੀਆਂ। ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 4 ਸਾਲਾਂ ਦੇ ਰਾਜ ਵਿੱਚ ਝੂਠੀਆਂ ਮਸ਼ਹੂਰੀਆਂ ਤੇ ਅਰਬਾਂ ਰੁਪਏ ਖਰਚਣ ਬਿਨਾਂ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿੱਚ ਮਜ਼ਦੂਰਾਂ ਦੇ ਮਸਲੇ ਹੱਲ ਕਰਨਾ ਤਾਂ ਦੂਰ ਮੁੱਖ ਮੰਤਰੀ ਨੇ ਮਜ਼ਦੂਰ ਜਥੇਬੰਦੀਆਂ ਨਾਲ ਇਕ ਮੀਟਿੰਗ ਦਾਂ ਸਮਾਂ ਤੱਕ ਨਹੀਂ ਕੱਢਿਆ। ਬਿਜਲੀ ਸਸਤੀ ਕਰਨ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਦੇ ਰਾਜ ਵਿੱਚ 20-20 ਹਜ਼ਾਰ ਦੇ ਆਏ ਬਿੱਲਾਂ ਨੇ ਦਲਿਤਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਬਣਾਉਣ ਵਾਲਿਆਂ ਨੇ ਭਾਜਪਾ ਨਾਲ ਗੰਢਤੁੱਪ ਕਰਕੇ ਰਾਜ ਵਿੱਚ ਨਸ਼ਿਆਂ ਤੇ ਗੈਂਗਸਟਰਾਂ ਦਾ ਬੋਲਬਾਲਾ ਕਰ ਦਿੱਤਾ ਹੈ। ਬਜਟ ਸੈਸ਼ਨ ਦੇ ਪਹਿਲੇ ਦਿਨ ਕੇਂਦਰ ਦੇ ਰਾਜਪਾਲ ਵੱਲੋਂ ਆਪ ਸਰਕਾਰ ਦੀ ਤਰੀਫ ਕਰਨਾ ਭਗਵੰਤ ਮਾਨ ਦਾਂ ਭਾਜਪਾ ਨਾਲ ਰਲੇ ਹੋਣ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਅੰਦਰ ਭਾਜਪਾ ਦੀਆਂ ਮਜ਼ਦੂਰ,ਕਿਸਾਨ ਵਿਰੋਧੀ ਨੀਤੀਆਂ ਨੂੰ ਹੱਲਾ-ਸ਼ੇਰੀ ਦਿੱਤੀ ਹੈ। ਕੇਂਦਰ ਸਰਕਾਰ ਦੇ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਨ ਦੇ ਮਨਸੂਬਿਆਂ ਖਿਲਾਫ ਬਹੁਜਨ ਸਮਾਜ ਦਾ ਇੱਕਜੁੱਟ ਹੋਣ ਅਤੀ ਜ਼ਰੂਰੀ ਹੈ। ਪੰਜਾਬ ਦੀ ਆਪ ਸਰਕਾਰ ਜੀ ਰਾਮ ਜੀ ਦੇ ਖਿਲਾਫ ਮਤਾ ਪਾਸ ਕਰਨ ਵਾਲ਼ੇ ਆਪ ਲੀਡਰ ਮਨਰੇਗਾ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਤੇ ਚੁੱਪ ਹਨ। ਉਨ੍ਹਾਂ ਕਿਹਾ ਕਿ ਮਨਰੇਗਾ ਕਾਨੂੰਨ ਦੀ ਬਹਾਲੀ, ਮਜ਼ਦੂਰਾਂ, ਔਰਤਾਂ ਸਿਰ ਚੜ੍ਹੇ ਕਰਜ਼ੇ ਦੀ ਮਾਫ਼ੀ, ਪੰਜਾਬ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਾਉਣ ਸਮੇਤ ਹੋਰ ਮਜ਼ਦੂਰ ਅਧਿਕਾਰਾ ਲਈ ਲੋਕ ਲਾਮਬੰਦੀ ਕੀਤੀ ਜਾਵੇਗੀ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ, ਮਨਜੀਤ ਰਾਜ ਬਟਾਲਾ, ਕਰਮਜੀਤ ਸਿੰਘ ਫ਼ਰੀਦਕੋਟ, ਮੱਖਣ ਸਿੰਘ ਰਾਮਗੜ੍ਹ, ਨਿੱਕਾ ਸਿੰਘ ਬਹਾਦਰਪੁਰ, ਸੁਖਜੀਵਨ ਸਿੰਘ ਮੌੜ, ਰੋਹੀ ਗੋਬਿੰਦਗੜ੍ਹ, ਸੱਤਪਾਲ ਸਿੰਘ ਬਹਿਣੀਵਾਲ, ਸੁਖਵਿੰਦਰ ਸਿੰਘ ਬੋਹਾ, ਸ਼ਿੰਗਾਰਾ ਸਿੰਘ ਚੋਹਾਨ ਵੀ ਮੌਜੂਦ ਸਨ।