ਸੀਪੀਆਈ ਨੇ ਕੀਤੀ ਧੱਕੇਸ਼ਾਹੀ ਦੀ ਪੁਰਜ਼ੋਰ ਨਿਖੇਧੀ
ਬੀਜੇਪੀ ਤਾਂ ਲੋਕਤੰਤਰ ਨੂੰ ਪੈਰਾਂ ਹੇਠ ਦਰੜਣ ਲਈ
Publish Date: Sun, 15 Mar 2026 07:25 PM (IST)
Updated Date: Mon, 16 Mar 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੀਜੇਪੀ ਤਾਂ ਲੋਕਤੰਤਰ ਨੂੰ ਪੈਰਾਂ ਹੇਠ ਦਰੜਣ ਲਈ ਪਹਿਲਾਂ ਹੀ ਬਦਨਾਮ ਹੈ। ਹੁਣ ਬਦਲਾਅ ਦੇ ਨਾਅਰੇ ਤਹਿਤ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਵੀ ਉਸ ਦੀਆਂ ਪੈੜਾਂ ਵਿੱਚ ਪੈਰ ਰੱਖ ਰਹੀ ਹੈ। ਬੀਤੇ ਦਿਨੀਂ ਬਲਾਕ ਸੰਮਤੀ ਮਾਨਸਾ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਮੌਕੇ ਸੱਤਾਧਾਰੀਆਂ ਵੱਲੋਂ ਸਰਕਾਰੀ ਸ਼ਹਿ ਕੀਤੀ ਗਈ ਧੱਕੇਸ਼ਾਹੀ ਲੋਕਤੰਤਰ ਦਾ ਘਾਣ ਹੈ। ਸੀਪੀਆਈ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੌਹਾਨ ਤੇ ਸਬ ਡਵੀਜ਼ਨ ਮਾਨਸਾ ਦੇ ਸਕੱਤਰ ਕਾਮਰੇਡ ਰੂਪ ਸਿੰਘ ਢਿੱਲੋਂ ਨੇ ਕਰਦਿਆਂ ਕੀਤਾ। ਆਗੂਆਂ ਨੇ ਕਿਹਾ ਕਿ ਮਾਨਸਾ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਮਾਨਸਾ ਜ਼ਿਲ੍ਹਾ ਪਰੀਸ਼ਦ ਦਫ਼ਤਰ ਵਿਖੇ ਰੱਖੀ ਗਈ ਸੀ, ਜਿੱਥੇ ਸਾਰੇ ਬਲਾਕ ਵਿੱਚੋਂ ਚੁਣੇ ਹੋਏ ਸਾਰੇ ਮੈਂਬਰ ਸਮੇਂ ਸਿਰ ਪਹੁੰਚ ਗਏ ਸਨ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਚੁਣੇ ਹੋਏ ਮੈਂਬਰਾਂ ਨੇ ਹਲਕਾ ਵਿਧਾਇਕ ਤੇ ਪੁਲਿਸ ਦੀ ਹਾਜ਼ਰੀ ਵਿੱਚ ਵਿਰੋਧੀ ਪਾਰਟੀਆਂ ਦੇ ਸਾਰੇ ਚੁਣੇ ਹੋਏ ਮੈਂਬਰਾਂ-ਜਿਨ੍ਹਾਂ ਵਿਚ ਬਲਾਕ ਵਿੱਚੋਂ ਚੁਣੀਆਂ ਹੋਈਆਂ ਬੀਬੀਆਂ ਵੀ ਸਨ, ਨੂੰ ਸਾਜ਼ਿਸ਼ ਤਹਿਤ ਇੱਕ ਕਮਰੇ ਵਿੱਚ ਬੰਦ ਕਰਕੇ ਬਾਹਰੋਂ ਜਿੰਦਾ ਲਾ ਦਿੱਤਾ ਤੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹੀ ਚੋਣ ਕੀਤੀ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਚੇਅਰਮੈਨ ਅਤੇ ਹੋਰ ਅਹੁਦੇ ਵੰਡ ਦਿੱਤੇ ਗਏ। ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਵਲੋਂ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਕਰਨਾ ਇੱਕ ਰਿਵਾਇਤ ਹੀ ਬਣ ਗਈ ਹੈ। ਅਜੇ ਚੰਦ ਦਿਨ ਪਹਿਲਾਂ ਵਿਧਾਨ ਸਭਾ ਵਿੱਚ ਵੀ ਇਸੇ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਗਈ। ਐਨਾ ਹੀ ਨਹੀਂ ਮੁੱਖ ਮੰਤਰੀ ਮਾਨ ਵਲੋਂ ਇਕ ਕਾਲਜ ਵਿੱਚ ਵਿਦਿਆਰਥੀਆਂ ਸਾਹਮਣੇ ਬੋਲਦਿਆਂ ਚਟਕਾਰੇ ਲੈ ਕੇ ਅਪਣੇ ਇਸ਼ਕ ਦਾ ਕਿੱਸਾ ਸੁਣਾਉਂਦਿਆਂ ਕੁੜੀਆਂ ਬਾਰੇ ਬੇਹੂਦਾ ਟਿੱਪਣੀਆਂ ਕੀਤੀਆਂ ਸਨ।