ਦੋ ਰੋਜ਼ਾ ਵਰਕਸ਼ਾਪ ’ਚ 130 ਵਿਦਿਆਰਥਣਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ
ਐਸ. ਡੀ. ਕੰਨਿਆ ਮਹਾਂਵਿਦਿਆਲਾ, ਮਾਨਸਾ ਵਿਖੇ
Publish Date: Sun, 15 Feb 2026 06:20 PM (IST)
Updated Date: Mon, 16 Feb 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਮਾਨਸਾ : ਐੱਸਡੀ ਕੰਨਿਆ ਮਹਾਂਵਿਦਿਆਲਾ, ਮਾਨਸਾ ਵਿਖੇ ਰੋਟਰੀ ਕਲੱਬ ਮਾਨਸਾ, ਰਾਇਲ ਤੇ ਇਨਰਵ੍ਹੀਲ ਕਲੱਬ ਮਾਨਸਾ ਤੇ ਕਾਲਜ ਐੱਨਐੱਸਐੱਸ ਵਿਭਾਗ ਦੇ ਸਹਿਯੋਗ ਨਾਲ ਦੋ ਰੋਜ਼ਾ ਵਰਕਸ਼ਾਪ ਲਗਾਈ ਗਈ। ਇਸ ਦਾ ਵਿਸ਼ਾ "ਚੇਤਨਾ ਇੰਮਪਾਵਰਿੰਗ ਹਰ" ਰਿਹਾ। ਵਰਕਸ਼ਾਪ ਦੀ ਸ਼ੁਰੂਆਤ ਜੋਤੀ ਪ੍ਰਚੰਡ ਤੇ ਕੌਮੀ ਗੀਤ ਕਰਕੇ ਕੀਤੀ ਗਈ। ਵਰਕਸ਼ਾਪ ਦਾ ਉਦੇਸ਼ ਔਰਤ ਸਸ਼ਕਤੀਕਰਨ ਨੂੰ ਉਭਾਰਨਾ ਹੈ ਤਾਂ ਜੋ ਔਰਤ ਵੱਖ-ਵੱਖ ਖੇਤਰਾਂ ’ਚ ਆਪਣਾ ਰੋਲ ਬਾਖੂਬੀ ਨਿਭਾਅ ਸਕੇ। ਇਸ ਵਰਕਸ਼ਾਪ ’ਚ ਲਗਭਗ 130 ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਜੈ ਕੁਮਾਰ ਸਿੰਗਲਾ ਵਿਧਾਇਕ ਮਾਨਸਾ ਨੇ ਮੁੱਖ ਮਹਿਮਾਨ ਤੇ ਡੀਸੀ ਮਾਨਸਾ ਨਵਜੋਤ ਕੌਰ (ਆਈਏਐੱਸ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰੋਟਰੀ ਕਲੱਬ ਦੇ ਪੀਡੀਜੀ ਪ੍ਰੇਮ ਅਗਰਵਾਲ ਨੇ ਇਸ ਵਰਕਸ਼ਾਪ ਦਾ ਉਦੇਸ਼ ਦੱਸਦੇ ਹੋਏ ਕਿਹਾ ਕਿ ਲੜਕੀਆਂ ਦੇ ਉਜਵੱਲ ਭਵਿੱਖ ਲਈ ਅਜਿਹੇ ਕਾਰਜ ਚਾਨਣ ਮੁਨਾਰਾ ਬਣਦੇ ਹਨ। ਵਿਧਾਇਕ ਵਿਜੈ ਕੁਮਾਰ ਸਿੰਗਲਾ ਨੇ ਕਲਪਨਾ ਚਾਵਲਾ ਤੇ ਰਾਣੀ ਲਕਸ਼ਮੀ ਬਾਈ ਦੀਆਂ ਉਦਾਹਰਣਾਂ ਦੇ ਕੇ ਲੜਕੀਆਂ ਨੂੰ ਆਪਣੀ ਸ਼ਕਤੀ ਪਛਾਣਨ ਲਈ ਪ੍ਰੇਰਿਆ। ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਵਰਕਸ਼ਾਪ ਦੇ ਸਿਰਲੇਖ ਦੀ ਸ਼ਲਾਘਾ ਕਰਦਿਆਂ ਔਰਤਾਂ ਦੇ ਸਸ਼ਕਤੀਕਰਨ ਨੂੰ ਆਪਣੀ ਜ਼ਿੰਦਗੀ ਦੇ ਤਜਰਬਿਆਂ ਨਾਲ ਸਾਂਝਾ ਕੀਤਾ। ਵਿਦਿਆਰਥਣਾਂ ਨੂੰ ਕਿਤਾਬੀ ਕੀੜਾ ਨਹੀਂ ਬਣਨਾ ਚਾਹੀਦਾ, ਸਗੋਂ ਲੀਡਰਸ਼ਿਪ ਦੇ ਗੁਣ ਅਤੇ ਚੰਗੀ ਭਾਵਨਾ ਪੈਦਾ ਕਰਕੇ ਆਪਣੇ ਭਵਿੱਖ ਨੂੰ ਰੋਸ਼ਨ ਕਰਨਾ ਚਾਹੀਦਾ ਹੈ। ਕਾਲਜ ਪ੍ਰਿੰ. ਡਾ. ਗਰਿਮਾ ਮਹਾਜਨ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਮਾਣ ਮਹਿਸੂਸ ਕੀਤਾ। ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਦੀ ਸਖਸ਼ੀਅਤ ਨੂੰ ਉਸਾਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਇਸ ਮੌਕੇ ਕਾਲਜ ਦੇ ਵਾਈਸ ਪ੍ਰਧਾਨ ਵਿਜੈ ਗਰਗ ਨੇ ਅਜਿਹੀ ਵਰਕਸ਼ਾਪ ਲਾਉਣ ਲਈ ਰੋਟਰੀ ਕਲੱਬ, ਰੋਇਲ ਕਲੱਬ ਤੇ ਇੰਨਰਵ੍ਹੀਲ ਕਲੱਬ ਦਾ ਵਿਸ਼ੇਸ਼ ਧੰਨਵਾਦ ਕੀਤਾ। ਜ਼ਿਲ੍ਹਾ ਗਵਰਨਰ ਭੁਪੇਸ਼ ਮਹਿਤਾ ਜੋ ਕਿ ਤਕਰੀਬਨ ਚਾਰ ਦਹਾਕਿਆਂ ਤੋਂ ਰੋਟਰੀ ਕਲੱਬ ਨਾਲ ਜੁੜੇ ਹੋਏ ਹਨ, ਨੇ ਵਿਦਿਆਰਥਣਾਂ ਨੂੰ ਜ਼ਿੰਦਗੀ ਦੇ ਹਰ ਪੜਾਅ ਨੂੰ ਹਿੰਮਤ ਤੇ ਸਹਿਣਸ਼ਕਤੀ ਨਾਲ ਪਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਦੇ ਚਾਰ ਟੈਕਨੀਕਲ ਸੈਸ਼ਨ ਰਹੇ। ਵਿਦਿਆਰਥਣਾਂ ਨੂੰ ਵਿੱਤੀ ਫ਼ੈਸਲੇ ਸਹੀ ਢੰਗ ਨਾਲ ਲੈਣ ਲਈ ਪੈਸੇ ਦੀ ਸਮਝ, ਬੱਚਤ ਤੇ ਨਿਵੇਸ਼ ਬਾਰੇ ਜਾਣਕਾਰੀ ਦਿੱਤੀ। ਅੰਤ ’ਚ ਮਹਿਮਾਨਾਂ ਨੂੰ ਡਾ. ਆਨੰਦ ਬਾਂਸਲ ਨੇ ਧੰਨਵਾਦੀ ਸ਼ਬਦ ਕਹੇ ਅਤੇ ਸਮੁੱਚੀ ਟੀਮ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ। ਇਸ ਮੌਕੇ ਇਨਰਵੀਲ ਕਲੱਬ ਦੇ ਪ੍ਰਧਾਨ ਸੁਨੀਤਾ, ਡਾ. ਪ੍ਰੀਤੀ ਬਾਂਸਲ ਤੇ ਸਮੁੱਚੇ ਮੈਂਬਰ ਸ਼ਾਮਲ ਰਹੇ। ਮੰਚ ਸੰਚਾਲਨ ਦੀ ਭੂਮਿਕਾ ਸੰਜੀਵ ਅਰੌੜਾ ਤੇ ਪ੍ਰੋ. ਸਿੰਮੀ ਬਾਂਸਲ ਨੇ ਬਾਖੂਬੀ ਨਿਭਾਈ।