ਭਾਜਪਾ ਜਨਰਲ ਸਕੱਤਰ ਬੱਬੀ ਦਾਨੇਵਾਲੀਆ ਦਾ ਨਿੱਘਾ ਸਵਾਗਤ
ਆੜਤੀਆ ਐਸੋਸੀਏਸ਼ਨ, ਮਾਨਸਾ ਦੀ ਇੱਕ
Publish Date: Sun, 04 Jan 2026 04:37 PM (IST)
Updated Date: Mon, 05 Jan 2026 04:06 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮੁਨੀਸ਼ ਬੱਬੀ ਦਾਨੇਵਾਲੀਆ ਦਾ ਭਾਜਪਾ ਜਨਰਲ ਸਕੱਤਰ ਲੱਗਣ ‘ਤੇ ਫੁੱਲਾਂ ਦਾ ਹਾਰ ਪਾ ਕੇ ਅੱਜ ਵਿਸ਼ੇਸ਼ ਮੀਟਿੰਗ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦੀ ਪ੍ਰਧਾਨਗੀ ਹੇਠ ਹੀ ਹੋਈ, ਜਿਸ ਵਿੱਚ ਸਾਰੇ ਆੜ੍ਹਤੀਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜਨਰਲ ਸਕੱਤਰ ਰਮੇਸ਼ ਟੋਨੀ ਅਤੇ ਉਪ ਪ੍ਰਧਾਨ ਚੰਦਰ ਕਾਂਤ ਕੂਕੀ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਮੁਨੀਸ਼ ਬੱਬੀ ਦਾਨੇਵਾਲੀਆ ਨੂੰ ਜ਼ਿਲ੍ਹਾ ਮਾਨਸਾ ਦਾ ਜਨਰਲ ਸਕੱਤਰ ਬਣਾਏ ਜਾਣ ਤੇ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਇਲਾਕੇ ਦੇ ਉੱਘੇ ਵਪਾਰੀ, ਧਾਰਮਿਕ ਅਤੇ ਸਮਾਜ ਸੇਵੀ ਨੂੰ ਜ਼ਿਲ੍ਹੇ ਦੀ ਕਮੇਟੀ ਵਿੱਚ ਉੱਚ ਅਹੁਦਾ ਦੇਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ ਅਤੇ ਹਾਈ ਕਮਾਂਡ ਦਾ ਜਿੱਥੇ ਦਿਲੋਂ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਆੜ੍ਹਤੀਆਂ ਦੀਆਂ ਮੰਗਾਂ ਨੂੰ ਵੀ ਪੰਜਾਬ ਤੱਕ ਪਹੁੰਚਾ ਕੇ ਹੱਲ ਕਰਵਾਉਣ ਭਰੋਸਾ ਦਿਵਾਇਆ। ਇਸ ਦੌਰਾਨ ਮੰਗਾਂ ਬਾਰੇ ਉਨ੍ਹਾਂ ਬੋਲਦਿਆਂ ਕਿਹਾ ਕਿ ਆੜ੍ਹਤੀਆ ਦੀ ਆੜ੍ਹਤ 2.50 ਫ਼ੀਸਦੀ ਕਰਵਾਉਣੀ, ਈਪੀਐਫ਼ ਦਾ ਮਸਲਾ ਹੱਲ ਕਰਵਾਉਣਾ, ਸੀਸੀਆਈ ਵੱਲੋਂ ਨਰਮੇ ਦੀ ਖ਼ਰੀਦ ’ਤੇ ਆੜ੍ਹਤ ਦੇਣਾ ਅਤੇ ਹੋਰ ਜੋ ਵੀ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਹੋਣਗੀਆਂ, ਹੱਲ ਕਰਵਾਈਆਂ ਜਾਣਗੀਆਂ। ਉਹ ਪਾਰਟੀ ਹਾਈ ਕਮਾਂਡ ਨਾਲ ਗੱਲ ਕਰਕੇ ਜਲਦ ਤੋਂ ਜਲਦ ਹੱਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਦੀ ਫ਼ਸਲ ਜਿਵੇਂ ਨਰਮਾ, ਮੂੰਗੀ, ਬਾਸਮਤੀ ਆਦਿ ਕਈ ਫ਼ਸਲਾਂ ਦੀ ਖ਼ਰੀਦ ਪ੍ਰਾਈਵੇਟ ਲੋਕ ਕਰਦੇ ਹਨ, ਜਿਸ ਦੀ ਰਕਮ ਕਈ ਕਰੋੜਾਂ ਵਿੱਚ ਬਣ ਜਾਂਦੀ ਹੈ ਲੇਕਿਨ ਕਈ ਵਾਰ ਪ੍ਰਾਈਵੇਟ ਖ਼ਰੀਦਦਾਰ ਕਿਸਾਨਾਂ ਦੀ ਰਕਮ ਲੈ ਕੇ ਭੱਜ ਜਾਂਦੇ ਹਨ, ਜਿਸ ਕਰਕੇ ਕਿਸਾਨਾਂ ਨੂੰ ਆਰਥਿਕ ਪੱਧਰ ਤੇ ਕਾਫ਼ੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਆੜ੍ਹਤੀਆਂ ਰਾਹੀਂ ਖ਼ਰੀਦ ਕੀਤੀ ਜਾਂਦੀ ਹੈ। ਆੜ੍ਹਤੀਆਂ ਨੂੰ ਸਿਰਫ 2.50 ਫੀਸਦੀ ਕਮਿਸ਼ਨ ਹੀ ਮਿਲਦਾ ਹੈ ਲੇਕਿਨ ਜਦੋਂ ਕੋਈ ਪ੍ਰਾਈਵੇਟ ਖਰੀਦਦਾਰ ਕਿਸਾਨਾਂ ਦੀ ਫ਼ਸਲ ਲੈ ਕੇ ਭੱਜਦਾ ਹੈ ਤਾਂ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ, ਜਦਕਿ ਆੜ੍ਹਤੀਆਂ ਦਾ ਉਸ ਵਿੱਚ ਕੋਈ ਕਸੂਰ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੋ ਪਿਛਲੇ ਸਮੇਂ ਦੇ ਦੌਰਾਨ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਦੀ ਰਕਮ ਖਰੀਦਦਾਰਾਂ ਵੱਲ ਬਕਾਇਆ ਰਹਿੰਦੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਉਹ ਰਕਮ ਬਿਨਾਂ ਕਿਸੇ ਦੇਰੀ ਤੋਂ ਖ਼ਰੀਦਦਾਰ ਤੋਂ ਕਿਸਾਨਾਂ ਨੂੰ ਵਾਪਸ ਕਰਵਾਏ ਤਾਂ ਕਿ ਕਿਸਾਨ ਨੂੰ ਆਰਥਿਕ ਤੌਰ ’ਤੇ ਨੁਕਸਾਨ ਨਾਂ ਝੱਲਣਾ ਪਵੇ। ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜੋ ਵੀ ਪ੍ਰਾਈਵੇਟ ਖਰੀਦਦਾਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦੀ ਰਕਮ ਮੁੱਕਰਦੇ ਹਨ ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਪੱਧਰ ਤੇ ਅਜਿਹੀ ਕੋਈ ਪਾਲਿਸੀ ਬਣਾਈ ਜਾਵੇ, ਜਿਸ ਨਾਲ ਕਿਸਾਨਾਂ ਦੀ ਫਸਲ ਦੀ ਰਕਮ ਸੁਰੱਖਿਅਤ ਹੋ ਸਕੇ ਅਤੇ ਕੋਈ ਪ੍ਰਾਈਵੇਟ ਖ਼ਰੀਦਦਾਰ ਫ਼ਸਲ ਦੀ ਰਕਮ ਮੁਕਰਨਾ ਸਕੇ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਵਪਾਰੀ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਸਭ ਵਰਗਾਂ ਦਾ ਮੋਢੇ ਨਾਲ ਮੋਢੇ ਜੋੜ ਕੇ ਪੂਰਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਆਰਥਿਕ ਪੱਖੋਂ ਪੂਰਾ ਕੰਗਾਲ ਹੋਇਆ ਪਿਆ ਹੈ। ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ, ਜਿਸ ਕਰਕੇ ਪੰਜਾਬ ਦੀ ਜਵਾਨੀ ਦਿਨੋਂ ਦਿਨ ਬਰਬਾਦ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਵੇਂ ਯੂ.ਪੀ., ਮੱਧ ਪ੍ਰਦੇਸ਼, ਹਰਿਆਣਾ, ਮਹਾਰਾਂਸ਼ਟਰ ਅਤੇ ਹੋਰ ਕਈ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਵਾਲੀ ਸਰਕਾਰ ਹੈ ਉਸੇ ਤਰ੍ਹਾਂ ਪੰਜਾਬ ਵਿੱਚ ਆਉਣ ਵਾਲੀਆਂ ਅਸੈਂਬਲੀ ਚੋਣਾਂ ਵਿੱਚ ਵੀ ਪੰਜਾਬ ਦੇ ਲੋਕਾਂ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਣ ਵਾਲੀ ਸਰਕਾਰ ਬਣਾਉਣੀ ਚਾਹੀਦੀ ਹੈ ਤਾਂ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਵੀ ਹਰ ਪੱਖੋਂ ਬੇ-ਮਿਸਾਲ ਤਰੱਕੀ ਕਰ ਸਕੇ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜੋ ਪਿਛਲੇ ਮੂੰਗੀ ਦੇ ਸੀਜਨ ਦੇ ਦੌਰਾਨ ਜਿਨ੍ਹਾਂ ਖਰੀਦਦਾਰਾਂ ਨੇ ਕਿਸਾਨਾਂ ਦੀ ਮੂੰਗੀ ਦੀ ਫਸਲ ਦੀ ਰਕਮ ਦੱਬ ਰੱਖੀ ਹੈ ਉਨ੍ਹਾਂ ਖਿਲਾਫ ਨਾਲ ਕਿਸਾਨਾਂ ਨੂੰ ਨਾਲ ਲੈ ਕੇ ਜਲਦੀ ਹੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਪ੍ਰਧਾਨ ਰਾਕੇਸ਼ ਕਾਕੂ ਆਦਿ ਹਾਜ਼ਰ ਸਨ।