ਸਰਸ ਮੇਲਾ ਦੇਖ ਵਾਪਸ ਆ ਰਹੇ ਵਿਅਕਤੀ ’ਚ ਵੱਜਿਆ ਤੇਜ਼ ਰਫ਼ਤਾਰ ਹਾਈਡਰਾ, ਹੋਈ ਮੌਤ
ਮਾਨਸਾ ਤੋਂ ਸਰਸ ਮੇਲਾ ਦੇਖਕੇ ਘਰ ਆ ਰਹੇ
Publish Date: Thu, 19 Mar 2026 09:10 PM (IST)
Updated Date: Thu, 19 Mar 2026 09:13 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਤੋਂ ਸਰਸ ਮੇਲਾ ਦੇਖ ਕੇ ਘਰ ਆ ਰਹੇ 45 ਸਾਲਾ ਵਿਅਕਤੀ ਦੀ ਤੇਜ਼ ਰਫ਼ਤਾਰ ਆ ਰਹੇ ਹਾਈਡਰਾ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਰਣਜੀਤ ਸਿੰਘ ਵਾਸੀ ਠੂਠਿਆਂਵਾਲੀ ਰੋਡ ਮਾਨਸਾ ਵਜੋਂ ਹੋਈ। ਹਾਦਸੇ ਤੋਂ ਬਾਅਦ ਚਾਲਕ ਹਾਈਡਰਾ ਲੈ ਫ਼ਰਾਰ ਹੋ ਗਿਆ ਅਤੇ ਪੂਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਵੇਰਵੇ ਅਨੁਸਾਰ ਰਣਜੀਤ ਸਿੰਘ ਸਰਸ ਮੇਲਾ ਦੇਖ ਘਰ ਵਾਪਸ ਜਾ ਰਹੇ ਸੀ। ਮੇਲੇ ਤੋਂ ਥੋੜ੍ਹੀ ਦੂਰੀ ’ਤੇ ਇੱਕ ਹਾਈਡਰਾ ਨੇ ਉਸ ਨੂੰ ਕੁਚਲ ਦਿੱਤਾ। ਹਾਦਸੇ ਬਾਅਦ ਹਾਈਡਰਾ ਚਾਲਕ ਫ਼ਰਾਰ ਹੋ ਗਿਆ। ਮ੍ਰਿਤਕ ਦੇ ਲੜਕੇ ਅਮਨਦੀਪ ਸਿੰਘ ਤੇ ਪਰਿਵਾਰਕ ਮੈਂਬਰ ਬਲਰਾਜ ਸਿੰਘ ਨੇ ਦੋਸ਼ ਲਗਾਇਆ ਕਿ ਘਟਨਾ ਦੇ ਦੋ ਦਿਨ ਬੀਤ ਜਾਣ ਬਾਅਦ ਵੀ ਅਜੇ ਤੱਕ ਉਕਤ ਵਿਅਕਤੀ ਫੜ੍ਹਿਆ ਨਹੀਂ ਗਿਆ ਅਤੇ ਨਾ ਹੀ ਹਾਈਡਰਾ ਨੂੰ ਪੁਲਿਸ ਨੇ ਕਬਜ਼ੇ ’ਚ ਲਿਆ ਹੈ। ਪਰਿਵਾਰ ਨੇ ਦੱਸਿਆ ਕਿ ਰਣਜੀਤ ਸਿੰਘ ਘਰ ’ਚ ਇੱਕਲੌਤਾ ਕਮਾਉਣ ਵਾਲਾ ਸੀ ਅਤੇ ਉਸ ਦੇ ਦੋ ਲੜਕੇ ਛੋਟੇ ਹਨ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਜਲਦੀ ਤੋਂ ਜਲਦੀ ਫੜ੍ਹਿਆ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਪਰਿਵਾਰ ਨੇ ਦੱਸਿਆ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਉਨ੍ਹਾਂ ਕੋਲ ਹੈ, ਜੋ ਕਿ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ। ਥਾਣਾ ਸਿਟੀ-1 ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕਾਹਨ ਸਿੰਘ ਵਾਸੀ ਠੂਠਿਆਂਵਾਲੀ ਰੋਡ ਮਾਨਸਾ ਦੇ ਬਿਆਨ ਦੇ ਅਧਾਰ ਤੇ ਵੱਖ-ਵੱਖ ਧਾਰਾਵਾਂ ਅਧੀਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਜਲਦ ਫੜ ਲਿਆ ਜਾਵੇਗਾ।