- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਥੇ ਪੁਰਾਣੀ ਦਾਣਾ ਮੰਡੀ ਵਿਖੇ ਮਜ਼ਦੂਰ ਮੁਕਤੀ ਮੋਰਚਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਪੁਰਾਣੀ ਦਾਣਾ ਮੰਡੀ ਵਿਖੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ’ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਦੀ ਪ੍ਰਧਾਨਗੀ ਮਜ਼ਦੂਰ ਆਗੂ ਗੁਲਾਬ ਸਿੰਘ ਖੀਵਾ, ਬਾਜ਼ ਸਿੰਘ ਰੰਘੜਿਆਲ, ਬੱਲਮ ਸਿੰਘ ਢੈਪਈ, ਸਰਜਪਾਲ ਕੌਰ ਬਹਾਦਰਪੁਰ, ਪਿਆਰਾ ਸਿੰਘ ਨੰਦਗੜ੍ਹ, ਭੋਲ਼ਾ ਸਿੰਘ ਝੱਬਰ ਨੇ ਕੀਤੀ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੇਂਡੂ ਰੁਜ਼ਗਾਰ ਲਈ ਫੰਡ ਜਾਰੀ ਨਾ ਕਰਨ ਖਿਲਾਫ਼ 29 ਮਈ ਤੋਂ 31 ਤੱਕ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿਨ, ਰਾਤ ਦਾ ਪੱਕਾ ਧਰਨਾ ਦੇਣ ਦਾ ਐਲਾਨ ਕੀਤਾ। ਇਸ ਸਮੇਂ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਅਮੀਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਦੇ ਕਾਨੂੰਨੀ ਹੱਕ ਖ਼ਤਮ ਕਰ ਰਹੇ ਹਨ। ਸੱਤਾ ‘ਤੇ ਬੈਠੇ ਹਾਕਮਾਂ ਨੇ ਨੌਜਵਾਨਾਂ ਦੇ ਹੱਥਾਂ ’ਚ ਕਲਮ, ਕਿਤਾਬ ਦੇਣ ਦੀ ਥਾਂ ਨਸ਼ੇ ਦੀਆਂ ਸਰਿੰਜਾਂ ਫੜ੍ਹਾ ਦਿੱਤੀਆਂ ਨੇ। ਅੰਗਰੇਜ਼ਾਂ ਖ਼ਿਲਾਫ਼ ਲੜਾਈ ਲੜਕੇ 47 ’ਚ ਆਜ਼ਾਦੀ ਹਾਸਲ ਕੀਤੀ। ਅੱਜ ਭਾਰਤੀ ਹਾਕਮਾਂ ਤੋਂ ਸੰਵਿਧਾਨ ਬਚਾਓ ਲਈ ਲੜਨਾ ਪੈਣਾ ਹੈ। ਕੇਂਦਰ ਦੀ ਸੱਤਾ ’ਤੇ ਬੈਠੇ ਹਾਕਮ ਸੰਵਿਧਾਨ ਅਤੇ ਲੋਕ ਵਿਰੋਧੀ ਹਨ। ਆਪਣੀਆਂ ਫ਼ੋਕੀਆਂ ਮਸ਼ਹੂਰੀਆਂ ਤੇ ਲੱਖਾਂ-ਕਰੋੜਾਂ ਦਾਂ ਬਜਟ ਰੱਖਣ ਵਾਲੇ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਦੇ ਰੁਜ਼ਗਾਰ ਲਈ ਫੁੱਟੀ ਕੌਡੀ ਵੀ ਨਹੀਂ ਰੱਖੀ। ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਤਾਂ ਦੂਰ ਮਜ਼ਦੂਰਾਂ ਤੋਂ ਮਨਰੇਗਾ ਦਾਂ ਹੱਕ ਵੀ ਖੋਹ ਲਿਆ ਹੈ। ਮੋਦੀ ਭਾਜਪਾ ਸਰਕਾਰ ਨੇ ਮਜ਼ਦੂਰਾਂ ਦਾਂ ਮਨਰੇਗਾ ਦਾ ਰੁਜ਼ਗਾਰ ਅਤੇ ਕਿਰਤ ਕਾਨੂੰਨਾਂ ਦਾਂ ਹੱਕ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਅੱਜ ਪੰਜਾਬ ਸਮੇਤ ਪੂਰ੍ਹੇ ਦੇਸ਼ ਦੇ ਕਰੋੜਾਂ ਮਨਰੇਗਾ, ਮਜ਼ਦੂਰਾਂ ਨੂੰ ਮਿਲੇ ਬੇਰੁਜ਼ਗਾਰੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰ ਮੁੱਦੇ ਤੇ ਫੇਲ੍ਹ ਹੋਈ ਆਪ ਸਰਕਾਰ ਹੁਣ ਰਸੋਈ ਰਾਸ਼ਨ ਕਿੱਟਾਂ ਦੇ ਨਾਂ ਤੇ ਦਲਿਤਾਂ ਨੂੰ ਮੂਰਖ਼ ਬਣਾ ਰਹੀ ਹੈ। ‘ਆਪ’ ਵੱਲੋਂ ਆਪਣੇ ਲੀਡਰ ਰਾਘਵ ਚੱਢਾ ਨੂੰ ਸੰਸਦ ਅੰਦਰ ਬੋਲਣ ਤੇ ਰੋਕ ਲਗਾਉਣ ਤੋਂ ਸਾਬਤ ਹੋ ਗਿਆ ਹੈ ਕਿ ਮੋਦੀ ਦੀ ਤਰ੍ਹਾਂ ਆਪ ਪਾਰਟੀ ਵੀ ਅੰਬਾਨੀ, ਅਡਾਨੀ ਦੀ ਕੱਠਪੁਤਲੀ ਹੈ। ਉਨ੍ਹਾਂ ਕਿਹਾ ਕਿ ਹਰ ਹੱਥ ਨੂੰ ਰੁਜ਼ਗਾਰ ਦੀ ਗਰੰਟੀ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰੈਲੀ ਵਿਚ ਕਾਂਗਰਸ ਪਾਰਟੀ ਦੇ ਕੌਮੀ ਸਕੱਤਰ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਬੁਢਲਾਡਾ ਹਲਕੇ ਦੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਰੈਲੀ ਨੂੰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਗੁਲਾਬ ਸਿੰਘ ਖੀਵਾ, ਸੁਖਬੀਰ ਸਿੰਘ ਖ਼ਾਰਾਂ ਸਮੇਤ ਆਲ ਇੰਡੀਆ ਮਜ਼੍ਹਬੀ ਵੈੱਲਫੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸੁਖਮਿੰਦਰ ਸਿੰਘ ਗੱਜਣਵਾਲਾ ਨੇ ਵੀ ਸੰਬੋਧਨ ਕੀਤਾ।