ਕਵੀ ਬਿਜਯ ਸ਼ੰਕਰ ਬਰਮਨ ਨਾਲ ਰੂਬਰੂ ਸਮਾਗਮ ਕਰਵਾਇਆ
ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ
Publish Date: Thu, 26 Mar 2026 05:53 PM (IST)
Updated Date: Thu, 26 Mar 2026 05:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵਿਖੇ ਅਸਾਮੀ ਭਾਸ਼ਾ ਦੇ ਯੁਵਾ ਕਵੀ, ਲੇਖਕ ਅਤੇ ਅਨੁਵਾਦਕ ਬਿਜਯ ਸ਼ੰਕਰ ਬਰਮਨ ਨਾਲ ਰੂਬਰੂ ਤੇ ਸੰਵਾਦ ਸਮਾਗਮ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਨਾਵਲਕਾਰ ਪਰਗਟ ਸਿੰਘ ਸਤੌਜ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਸ਼ਾਮਲ ਸਨ। ਵਿਭਾਗ ਦੇ ਖੋਜ ਅਫ਼ਸਰ ਤੇ ਕਵੀ ਗੁਰਪ੍ਰੀਤ ਨੇ ਸਵਾਗਤ ਕਰਦਿਆਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਅਤੇ ਸਾਹਿਤ ਨੂੰ ਸਮਝਦਿਆਂ ਅਸੀਂ ਆਪਣੀ ਜ਼ਿੰਦਗੀ ਅਤੇ ਆਲੇ-ਦੁਆਲੇ ਨੂੰ ਵਿਸ਼ਾਲ ਦ੍ਰਿਸ਼ਟੀ ਤੋਂ ਵੇਖ ਸਮਝ ਸਕਦੇ ਹਾਂ, ਜੋ ਅੱਜ ਦੇ ਸਮੇਂ ਵਿਚ ਸਭ ਤੋਂ ਵੱਧ ਜ਼ਰੂਰੀ ਹੈ। ਮਹਿਮਾਨ ਕਵੀ ਬਰਮਨ ਦੀ ਜਾਣ-ਪਛਾਣ ਕਰਵਾਉਂਦਿਆਂ ਦੱਸਿਆ ਕਿ ਅਸਾਮੀ ਭਾਸ਼ਾ ਵਿਚ ਲਿਖਦੇ ਇਸ ਭਾਰਤੀ ਕਵੀ ਦੀਆਂ ਹੁਣ ਤੱਕ ਪੱਚੀ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਨ੍ਹਾਂ ਨੂੰ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਤੋਂ ਇਲਾਵਾ ਇੰਡੀਅਨ ਐਕਸਪ੍ਰੈੱਸ ਨੇ ਭਾਰਤ ਦੇ ਦਸ ਸਰਵਸ੍ਰੇਸ਼ਟ ਨੌਜਵਾਨ ਲੇਖਕਾਂ ਵਿਚੋਂ ਇਕ ਲੇਖਕ ਵਜੋਂ ਮਾਨਤਾ ਦਿੱਤੀ। ਬਰਮਨ ਦੀਆਂ ਕਵਿਤਾਵਾਂ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਫਰੈਂਚ, ਸਪੈਂਸ਼ਿਸ਼ ਐਸਟੋਨੀਆ ਤੇ ਇਤਾਲਵੀ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਰੂਬਰੂ ਦੌਰਾਨ ਬਿਜਯ ਸ਼ੰਕਰ ਬਰਮਨ ਨੇ ਆਪਣੇ ਜੀਵਨ ਦੀਆਂ ਕਈ ਗਹਿਰੀਆਂ ਪਰਤਾਂ ਨੂੰ ਫ਼ਰੋਲਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਪ੍ਰਕਿਰਤੀ ਦਾ ਇਕ ਅੰਗ ਹੈ। ਕਵਿਤਾ ਉਹਦਾ ਮਾਧਿਅਮ ਨਹੀਂ ਸਗੋਂ ਉਹ ਕਵਿਤਾ ਦਾ ਮਾਧਿਅਮ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਕਵਿਤਾ ਵਿਚ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਗੱਲ ਕਰਦਿਆਂ ਮਨੁੱਖੀ ਦੁੱਖਾਂ-ਸੁੱਖਾਂ ਦੀ ਬਾਤ ਪਾਉਂਦਾ ਹੈ। ਇਸ ਮੌਕੇ ਉਨ੍ਹਾਂ ਆਪਣੀਆਂ ਤਿੰਨ ਕਵਿਤਾਵਾਂ ਵੀ ਸੁਣਾਈਆਂ। ਸਵਾਲ ਜਵਾਬ ਸੈਸ਼ਨ ਦੌਰਾਨ ਬਲਵਿੰਦਰ ਧਾਲੀਵਾਲ, ਗੁਰਚੇਤ ਫੱਤੇਵਾਲੀਆ, ਜੈਕ ਸਰਾਂ, ਕਹਾਣੀਕਾਰ ਭੁਪਿੰਦਰ ਮਾਨ, ਦਰਸ਼ਨ ਜੋਗਾ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਅਸਾਮ ਦੀ ਰਾਜਨੀਤੀ ਅਤੇ ਸਾਹਿਤ ਬਾਰੇ ਚਰਚਾ ਕੀਤੀ। ਇਸ ਇਕੱਤਰਤਾ ਵਿਚ ਕਵੀ ਐਡਵੋਕੇਟ ਬਲਵੰਤ ਭਾਟੀਆ, ਕਵੀ ਪਰਾਗ ਰਾਜ, ਡਾ. ਲਖਵਿੰਦਰ ਮੂਸਾ, ਕਵੀ ਅੰਮ੍ਰਿਤ ਸਮਿਤੋਜ, ਅਸ਼ੋਕ ਬਾਂਸਲ, ਹਰਦੀਪ ਸਿੱਧੂ, ਅਮਨ ਮਾਨਸਾ, ਗੁਰਲਾਭ ਸਿੰਘ, ਬਿੱਟੂ ਮਾਨਸਾ, ਗੁਰਜੀਤ ਲਾਲਿਆਂ ਵਾਲੀ, ਅਰਸ਼ਪ੍ਰੀਤ ਸਿੰਘ, ਸਰਬਜੀਤ ਸਿੰਘ, ਜਗਰਾਜ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਅਸਾਮੀ ਭਾਸ਼ਾ ਦੇ ਕਵੀ ਅਤੇ ਲੇਖਕ ਬਰਮਨ ਦਾ ਜੀਵਨ ਪ੍ਰੇਰਨਾਦਾਇਕ ਹੈ। ਇਨ੍ਹਾਂ ਦੀਆਂ ਕਵਿਤਾਵਾਂ ਸਥਨਕਿਤਾ ਦੇ ਨਾਲ-ਨਾਲ ਵਿਸ਼ਵ ਪੱਧਰ ਦੀ ਗੱਲ ਕਰਦੀਆਂ ਹਨ। ਇਸ ਮੌਕੇ ਮਹਿਮਾਨ ਕਵੀ ਦਾ ਕਿਤਾਬਾਂ ਦੇ ਕੇ ਸਨਮਾਨ ਕੀਤਾ ਗਿਆ।