ਖਿਆਲਾ ਕਲਾਂ ਵਿਖੇ ਰੰਗਾਰੰਗ ਸਮਾਗਮ ਕਰਵਾਇਆ
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ
Publish Date: Sun, 15 Feb 2026 06:36 PM (IST)
Updated Date: Mon, 16 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭੀਖੀ ਮਾਨਸਾ ਮੁੱਖ ਮਾਰਗ ’ਤੇ ਸਥਿੱਤ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਬਹੁਤ ਹੀ ਧੂਮਧਾਮ ਨਾਲ ਰੰਗਾਰੰਗ ਸਮਾਗਮ ਕਰਵਾਇਆ। ਸਮਾਗਮ ਦੇ ਮੁੱਖ ਮਹਿਮਾਨ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਸਨ। ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ ਸਮਾਓਂ, ਜ਼ਿਲ੍ਹਾ ਜੇਲ੍ਹ ਸੁਪਰਿੰਟੈਂਡੈਂਟ ਰਾਹੁਲ ਰਾਜਾ ਤੇ ਗਾਡਰ ਸਿੰਘ ਹੀਰੋਂ ਕਲਾਂ ਮਹਿਮਾਨ ਵੱਜੋਂ ਪਹੁੰਚੇ। ਕਾਰਨੀਵਲ ਦੀ ਸ਼ੁਰੂਆਤ ਦੀਪ ਜਯੋਤੀ ਦੇ ਨਾਲ ਕੀਤੀ ਗਈ, ਜੋ ਗਿਆਨ ਤੇ ਚਾਨਣ ਦਾ ਪ੍ਰਤੀਕ ਹੈ। ਸਾਰੇ ਸਕੂਲ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ। ਇਸ ਨਾਲ ਪੂਰ੍ਹਾ ਮਾਹੌਲ ਤਿਉਹਾਰੀ ਬਣ ਗਿਆ। ਵਿਦਿਆਰਥੀਆਂ ਵੱਲੋਂ ਰੰਗ-ਬਿਰੰਗੇ ਪਹਿਰਾਵਿਆਂ ’ਚ ਡਾਂਸ, ਸਾਲਸਾ, ਭੰਗੜਾ ਤੇ ਮਨੋਰੰਜਕ ਸਕਿੱਟ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਦਰਸ਼ਕਾਂ ਨੇ ਹਰ ਪੇਸ਼ਕਾਰੀ ਦਾ ਖੂਬ ਆਨੰਦ ਲਿਆ ਤੇ ਤਾਲੀਆਂ ਨਾਲ ਹੌਸਲਾ ਅਫ਼ਜ਼ਾਈ ਕੀਤੀ। ਫ਼ਤਿਹ ਗੱਤਕਾ ਅਕੈਡਮੀ ਦੀ ਗੱਤਕਾ ਟੀਮ ਨੇ ਵੀ ਜੌਹਰ ਦਿਖਾਏ। ਸੁਆਦੀ ਪਕਵਾਨਾਂ ਤੇ ਵੱਖ-ਵੱਖ ਮਨੋਰੰਜਕ ਖੇਡਾਂ ਦੀਆਂ ਸਟਾਲਾ ਲਗਾਈਆਂ ਸਨ ਹਰ ਇਕ ਸਟਾਲ ਦਾ ਸੰਚਾਲਨ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਸੀ। ਪ੍ਰਿੰਸੀਪਲ ਡਾ. ਆਸ਼ੀਸ਼ ਕੁਮਾਰ ਸ਼ਰਮਾ ਨੇ ਮੁੱਖ ਮਹਿਮਾਨ ਤੇ ਹੋਰ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਰਾਜਿੰਦਰ ਸਿੰਘ ਸੋਹਲ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਤੇ ਉਨ੍ਹਾਂ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਇੰਨੀ ਸੁਚਾਰੂ ਵਿਵਸਥਾ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਸਟੇਜ ਦਾ ਸੰਚਾਲਨ ਮੈਡਮ ਅਨੂ ਸ਼ਰਮਾ ਤੇ ਮੈਡਮ ਅੰਨੂ ਵਾਲੀਆ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਡਾ. ਕੁਲਦੀਪ ਸਿੰਘ ਬੱਲ, ਡਾਇਰੈਕਟਰ ਦਿ ਰੌਇਲ ਗਰੁੱਪ ਆਫ਼ ਕਾਲਜ਼ਿਜ, ਡਾ. ਸੰਜੇ ਕੁਲਚਾਨਿਆ ਪ੍ਰਿੰਸੀਪਲ ਦਿ ਰੌਇਲ ਕਾਲਜ ਆਫ਼ ਨਰਸਿੰਗ, ਈਸ਼ਵਰੀਆ ਬ੍ਰਹਮਕੁਮਾਰੀਆ ਵਿਦਿਆਲਾ ਤੋਂ ਰੁਪਿੰਦਰ ਦੀਦੀ ਤੇ ਉਨ੍ਹਾਂ ਦੀ ਟੀਮ ਆਦਿ ਵੀ ਮੌਜੂਦ ਸਨ। ਇਹ ਕਾਰਨੀਵਲ ਖੁਸ਼ੀ ਤੇ ਉਤਸ਼ਾਹ ਦੇ ਮਾਹੌਲ ’ਚ ਸਮਾਪਤ ਹੋਇਆ ਤੇ ਸਭ ਲਈ ਯਾਦਗਾਰ ਬਣ ਗਿਆ।