ਸੁਰੱਖਿਆ ਕਰਮਚਾਰੀਆਂ ਦੀ ਸਹੂਲਤ ਲਈ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੀਰ ਨੇਬਰਹੁੱਡ ਕੈਂਪ ਰੱਲਾ ਨੂੰ 180 ਲੀਟਰ ਦਾ ਫ਼ਰਿਜ ਭੇਟ
ਮਨੁੱਖਤਾ ਅਤੇ ਸਮਾਜ ਸੇਵਾ ਦੀ ਭਲਾਈ ਪ੍ਰਤੀ
Publish Date: Fri, 05 Jun 2026 04:54 PM (IST)
Updated Date: Fri, 05 Jun 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਮਨੁੱਖਤਾ ਅਤੇ ਸਮਾਜ ਸੇਵਾ ਦੀ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਦੇ ਮੱਦੇਨਜ਼ਰ ‘ਆਰਐਮ ਅਗਰਵਾਲ ਗਊ-ਸੇਵਾ ਅਨੁਸੰਧਾਨ ਫੈਡਰੇਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਬਾਬਾ ਜੋਗੀਪੀਰ ਨੇਬਰਹੁੱਡ ਕੈਂਪ ਰੱਲਾ ਨੂੰ 180 ਲੀਟਰ ਸਮਰੱਥਾ ਵਾਲਾ ਐਲਜੀ ਕੰਪਨੀ ਦਾ ਇਕ ਨਵਾਂ ਫ਼ਰਿੱਜ ਭੇਟ ਕੀਤਾ ਗਿਆ। ਇਸ ਮੌਕੇ ਤੇ ਕੈਂਪ ਦੇ ਮੁਖੀ ਡਾ. ਭੀਮ ਸੈਨ ਸਿੰਗਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਤੱਪਤਪਾਉਂਦੀ ਗਰਮੀ ਦੇ ਮੌਸਮ ਦੌਰਾਨ ਕੈਂਪ ਦੇ ਮੁੱਖ ਗੇਟ ’ਤੇ ਦਿਨ ਰਾਤ ਡਿਊਟੀ ਨਿਭਾਉਣ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਕਿਉਂਕਿ ਘਰ ਤੋਂ ਲਿਆਂਦੇ ਪੀਣ ਵਾਲੇ ਪਦਾਰਥ ਜਾਂ ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਸਨ। ਇਹ ਫਰਿੱਜ ਵਿਸ਼ੇਸ਼ ਤੌਰ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਸੁਰੱਖਿਅਤ ਰੱਖਣ ਦੀ ਸੁਵਿਧਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਫੈਡਰੇਸ਼ਨ ਅਤੇ ਇਸ ਮਹਾਨ ਕਾਰਜ ਦੇ ਪਿੱਛੇ ਰਹਿ ਕੇ ਸਹਿਯੋਗ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਨੇਕ ਅਤੇ ਮਨੁੱਖਤਾ ਭਰੇ ਉਪਰਾਲੇ ਸਮਾਜ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਪਰਮਾਤਮਾ ਸਾਰੇ ਦਾਨੀ ਸੱਜਣਾਂ ਨੂੰ ਬੇਅੰਤ ਖੁਸ਼ੀਆਂ, ਚੰਗੀ ਸਿਹਤ, ਤਰੱਕੀ, ਧਨ-ਦੌਲਤ ਅਤੇ ਜੀਵਨ ਵਿਚ ਹਰ ਖੇਤਰ ਵਿਚ ਸਫਲਤਾ ਬਖ਼ਸ਼ੇ। ਉਨ੍ਹਾਂ ਕਿਹਾ ਕਿ ਤੁਹਾਡਾ ਸਹਿਯੋਗ, ਅਸ਼ੀਰਵਾਦ ਅਤੇ ਸੇਵਾ ਭਾਵਨਾ ਨਾ ਸਿਰਫ਼ ਇਕ ਬੁਨਿਆਦੀ ਲੋੜ ਨੂੰ ਪੂਰਾ ਕਰੇਗੀ, ਸਗੋਂ ਮਨੁੱਖਤਾ, ਸੰਵੇਦਨਸ਼ੀਲਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਮਜ਼ਬੂਤ ਸੰਦੇਸ਼ ਵੀ ਦੇਵੇਗੀ। ਇਸ ਮੌਕੇ ਵਾਹਿਗੁਰੂ ਸੇਵਾ ਸੋਸਾਇਟੀ ਦੇ ਚੇਅਰਮੈਨ ਸੰਦੀਪ ਸਿੰਘ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ’ਤੇ ਡਾ. ਭੀਮ ਸੈਨ ਸਿੰਗਲਾ ਜੀ ਦੇ ਸੱਦੇ ’ਤੇ ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਭੀਮ ਸੈਨ ਸਿੰਗਲਾ ਹਮੇਸ਼ਾ ਵਿਦਿਆਰਥੀਆਂ, ਕਰਮਚਾਰੀਆਂ ਅਤੇ ਸਮਾਜ ਦੀ ਭਲਾਈ ਲਈ ਨਵੇਂ ਉਪਰਾਲੇ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਦੂਰਅੰਦੇਸ਼ੀ ਸੋਚ, ਸੇਵਾ ਭਾਵਨਾ ਅਤੇ ਕੈਂਪਸ ਦੇ ਸਰਵਪੱਖੀ ਵਿਕਾਸ ਪ੍ਰਤੀ ਸਮਰਪਣ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਹੀ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ। ਇਸ ਮੌਕੇ ਡਾ. ਹਸਨ ਸਰਦਾਰ (ਯੂਥ ਕੋਆਰਡੀਨੇਟਰ), ਕੁਲਵਿੰਦਰ ਸਿੰਘ ਗੁੱਜਰਾਂ (ਪਬਲਿਕ ਰਿਲੇਸ਼ਨ ਅਫ਼ਸਰ), ਪ੍ਰੇਮ ਸਿੰਘ (ਸੀਨੀਅਰ ਸਹਾਇਕ), ਗੁਰਮੇਲ ਸਿੰਘ (ਜੂਨੀਅਰ ਟੈਕਨੀਕਲ ਅਸਿਸਟੈਂਟ) ਅਤੇ ਕੈਂਪਸ ਦੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਰਹੇ।