- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹਿਕਾਰ ਭਾਰਤੀ ਦਾ 48ਵਾਂ ਸਥਾਪਨਾ ਦਿਵਸ

ਪੱਤਰ ਪੇ੍ਰਕ ਪੰਜਾਬੀ ਜਾਗਰਣ, ਮਾਨਸਾ : ਸਹਿਕਾਰ ਭਾਰਤੀ ਦਾ 48ਵਾਂ ਸਥਾਪਨਾ ਦਿਵਸ ਮਨਾਉਂਦੇ ਹੋਏ ਸਹਿਕਾਰ ਭਾਰਤੀ ਪੰਜਾਬ ਦੀ ਇਕਾਈ ਮਾਨਸਾ ਵੱਲੋਂ ਜ਼ਿਲ੍ਹਾ ਮਾਨਸਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਰਾਜ ਕੁਮਾਰ ਗੌਤਮ ਵਾਇਸ ਪ੍ਰਧਾਨ ਸਹਿਕਾਰ ਭਾਰਤੀ ਪੰਜਾਬ ਨੇ ਕਿਹਾ ਕਿ ਸਹਿਕਾਰ ਭਾਰਤੀ ਸਹਿਕਾਰੀ ਸਭਾਵਾਂ ਦੀ ਸਫ਼ਲਤਾ ਲਈ ਕੰਮ ਕਰਨ ਵਾਲਾ ਇੱਕ ਮਾਤਰ ਨਿਸ਼ਕਾਮ ਸਮਾਜਿਕ ਸੰਗਠਨ ਹੈ, ਜੋ ਸਾਲ 1978 ਵਿੱਚ ਹੌਂਦ ਵਿੱਚ ਆਇਆ ਅਤੇ 11 ਜਨਵਰੀ 1979 ਨੂੰ ਮਹਾਂਰਾਸ਼ਟਰ ਦੇ ਸ਼ਹਿਰ ਪੁਣੇ ਵਿਖੇ ਇਸ ਸੰਗਠਨ ਦੀ ਰਜਿਸਟ੍ਰੇਸ਼ਨ ਹੋ ਗਈ। ਸਹਿਕਾਰ ਭਾਰਤੀ ਅੱਜ ਦੇ ਸਮੇਂ ਵਿੱਚ ਪੂਰ੍ਹੇ ਭਾਰਤ ਦੇ 28 ਰਾਜਾਂ ਅਤੇ 650 ਤੋਂ ਵੱਧ ਜ਼ਿਲ੍ਹਿਆ ਵਿੱਚ ਕ੍ਰਿਆਸ਼ੀਲ ਹੈ। ਇਸ ਦਾ ਮੁੱਖ ਉਦੇਸ਼ ਵੱਖ ਵੱਖ ਕਿਸਮ ਦੀਆਂ ਸਹਿਕਾਰੀ ਸਭਾਵਾਂ ਦੇ ਗਠਨ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਅਤੇ ਸਫ਼ਲਤਾ ਪੂਰਵਕ ਚਲਾਉਣ ਲਈ ਸਹਿਕਾਰਤਾ ਵਿਭਾਗ, ਕੇਂਦਰ ਸਰਕਾਰ, ਰਾਜ ਸਰਕਾਰ, ਆਰਬੀਆਈ ਅਤੇ ਹੋਰ ਕੌਮੀ ਸੰਸਥਾਵਾਂ ਨਾਲ ਤਾਲਮੇਲ ਕਰਨਾ ਹੈ।
ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਰਾਜ ਸਰਕਾਰ ਨਾਲ ਚਿੱਠੀ ਪੱਤਰ ਕਰਕੇ ਸਹਿਕਾਰੀ ਸਭਾਵਾਂ ਦੀ ਰਜਿਸਟ੍ਰੇਸ਼ਨ ਫ਼ੀਸ ਜੋ ਇੱਕ ਲੱਖ ਰੁਪਏ ਤੋਂ ਵੀਹ ਲੱਖ ਰੁਪਏ ਲਗਾਈ ਗਈ ਸੀ ਉਸਨੂੰ 10 ਹਜ਼ਾਰ ਰੁਪਏ ਤੱਕ ਕਰਵਾਇਆ ਗਿਆ। ਹੋਰ ਲਿਖਾ ਪੜ੍ਹੀ ਕਰਕੇ ਖੇਤੀ, ਦੁੱਧ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਲਈ ਇਹ ਰਜਿਸਟ੍ਰੇਸ਼ਨ ਫ਼ੀਸ ਇੱਕ ਹਜ਼ਾਰ ਰੁਪਏ ਕਰਵਾਈ ਗਈ। ਸਹਿਕਾਰੀ ਸਭਾਵਾਂ ਵੱਲੋਂ ਚਲਾਏ ਜਾ ਰਹੇ ਡੀਜਲ ਪੰਪਾਂ ਨੂੰ ਮਾਰਕਿਟ ਨਾਲੋਂ ਵੱਧ ਰੇਟਾਂ ਤੇ ਕੀਤੀ ਜਾਂਦੀ ਸਪਲਾਈ ਦੇ ਰੇਟ ਵੀ ਮਾਰਕਿਟ ਦੇ ਬਰਾਬਰ ਕਰਵਾਏ ਗਏ ਹਨ ਅਤੇ ਸਹਿਕਾਰੀ ਸਭਾਵਾਂ ਨੂੰ ਸਫ਼ਲਤਾ ਪੂਰਵਕ ਚਲਾਉਣ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ ਤਾਂ ਕਿ ਹਰ ਵਰਗ ਦੇ ਲੋਕ ਆਪਣੀਆਂ ਸਹਿਕਾਰੀ ਸਭਾਵਾਂ ਬਣਾ ਕੇ ਆਪਣੇ ਰੋਜ਼ਗਾਰ ਆਪ ਪੈਦਾ ਕਰ ਸਕਣ।
ਉਨ੍ਹਾਂ ਪੰਜਾਬ ਵਿੱਚ ਖੇਤੀ ਸਭਾਵਾਂ ਦੇ ਨਵੇਂ ਮੈਂਬਰਾਂ ਨੂੰ ਫ਼ਸਲੀ ਕਰਜ਼ਾ ਨਾ ਮਿਲਣ ਅਤੇ ਪੁਰਾਣੇ ਮੈਂਬਰਾਂ ਨੂੰ ਵੀ ਪੂਰਾ ਕਰਜ਼ਾ ਨਾ ਮਿਲਣ ਦੀ ਸਮੱਸਿਆ ਦੇ ਹੱਲ ਬਾਰੇੇ ਆਖਿਆ ਕਿ ਸਹਿਕਾਰਤਾ ਦਾ ਵਿਸ਼ਾ ਰਾਜ ਸਰਕਾਰਾਂ ਦੇ ਹੇਠ ਆਉਂਦਾ ਹੈ। ਪੰਜਾਬ ਦੀਆਂ ਸਾਰੀਆਂ ਖੇਤੀ ਸਹਿਕਾਰੀ ਸਭਾਵਾਂ ਵੱਲੋਂ ਇਸ ਸਮੱਸਿਆ ਦੇ ਹੱਲ ਲਈ ਰਾਜ ਸਰਕਾਰ ਨੂੰ ਮਤੇ ਪਾ ਕੇ ਭੇਜਣੇ ਚਾਹੀਦੇ ਹਨ ਤਾਂ ਕਿ ਮੁੱਖ ਮੰਤਰੀ ਸਾਹਿਬ ਬਤੌਰ ਸਹਿਕਾਰਤਾ ਮੰਤਰੀ ਇਸ ਸਮੱਸਿਆ ਦੇ ਹੱਲ ਲਈ ਸਹਿਕਾਰੀ ਬੈਂਕਾਂ ਨੂੰ ਫ਼ੰਡ ਮੁਹੱਈਆ ਕਰਵਾਉਣ ਦਾ ਕੋਈ ਰਾਹ ਕੱਢ ਸਕਣ। ਮਾਨਸਾ ਇਕਾਈ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਸਰਾਓ ਨੇ ਸਹਿਕਾਰ ਭਾਰਤੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਸਹਿਕਾਰਤਾ ਨਾਲ ਜੁੜੇ ਸਹਿਕਾਰੀ ਸੇਠੀ ਸਿੰਘ ਸਰਾਂ, ਹਰਮੇਲ ਸਿੰਘ ਠੇਕੇਦਾਰ, ਗੁਰਦੇਵ ਸਿੰਘ ਘੁਮਾਣ, ਨਸੀਬ ਸਿੰਘ, ਰਣਜੀਤ ਸਿੰਘ, ਜਗਸੀਰ ਸਿੰਘ, ਮੇਜਰ ਸਿੰਘ ਗੇਹਲੇ, ਗੁਰਜੀਤ ਸਿੰਘ ਬੱਪੀਆਣਾ, ਜੀਤ ਸਿੰਘ ਰੁਮਾਣਾ, ਸੱਤਪਾਲ ਪਾਲੀਆ, ਕੇਵਲ ਸਿੰਘ ਸੈਕਟਰੀ ਅਤੇ ਗੁਰਮੀਤ ਸਿੰਘ ਗਾਗੋਵਾਲ ਆਦਿ ਹਾਜ਼ਰ ਸਨ।