29ਵਾਂ ਕਲਾ ਕਿਤਾਬ ਮੇਲਾ ਭਲਕੇ ਤੋਂ
ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ
Publish Date: Fri, 20 Mar 2026 06:01 PM (IST)
Updated Date: Sat, 21 Mar 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਵਿਸ਼ਵ ਰੰਗਮੰਚ ਤੇ ਸ਼ਹੀਦ ਭਗਤ ਦੇ ਸ਼ਹੀਦੀ ਦਿਹਾੜੇ ਨੂੰ ਸਮੱਰਪਿਤ ਨਾਟਕਕਾਰ ਪ੍ਰੋਫ਼ੈਸਰ ਅਜਮੇਰ ਸਿੰਘ ਔਲਖ ਦੀ ਨਿੱਘੀ ਯਾਦ ਨੂੰ ਸਮਰਪਿਤ 29ਵਾਂ ਕਲਾ ਕਿਤਾਬ ਮੇਲਾ ਭਲਕੇ 22 ਮਾਰਚ ਤੋਂ ਸ਼ੁਰੂ ਹੋ ਕੇ 24 ਮਾਰਚ ਤੱਕ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿਖੇ ਹੋ ਰਿਹਾ ਹੈ। ਵਿਸ਼ਵ ਪੱਧਰ 'ਤੇ ਮੰਡਰਾ ਰਹੇ ਸੰਸਾਰ ਜੰਗ ਦੇ ਬੱਦਲਾਂ ਨੂੰ ਦੇਖਦਿਆਂ ਹੋਇਆਂ ਇਹ ਮੇਲਾ 'ਜੰਗ ਨਹੀਂ ਅਮਨ' ਥੀਮ ਹੇਠ ਕਰਵਾਇਆ ਜਾਵੇਗਾ। ਇਸ ਮੌਕੇ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਵੱਲੋਂ ਪੁਸਤਕ ਪ੍ਰਦਰਸ਼ਨੀ, ਜੰਗ ਨਾਲ਼ ਸੰਬੰਧਿਤ ਤਸਵੀਰਾਂ ਤੇ ਕਵਿਤਾਵਾਂ ਦੀਆਂ ਹੱਥਲਿਖਤ ਟੂਕਾਂ ਦੀਆਂ ਪ੍ਰਦਰਸ਼ਨੀਆਂ ਲੱਗ ਰਹੀਆਂ ਹਨ। ਤਿੰਨੇ ਦਿਨ ਪੈਨਲ ਡਿਸ਼ਕਸ਼ਨ, ਕਵੀ ਦਰਬਾਰ, ਰੂਬਰੂ, ਸਮਾਗਮਾਂ ਤੋਂ ਇਲਾਵਾ ਹਰ ਰੋਜ਼ ਸ਼ਾਮ ਨੂੰ ਨਾਟਕਾਂ ਦੀ ਪੇਸ਼ਕਾਰੀ ਹੋਵੇਗੀ। ਮੇਲੇ ਦੇ ਕਨਵੀਨਰ ਡਾ਼ ਕੁਲਦੀਪ ਸਿੰਘ ਦੀਪ ਨੇ ਉਸਾਰੂ ਸੋਚ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ, ਗੈਂਗਸਟਰ ਅਤੇ ਲੱਚਰ ਸਭਿਆਚਾਰ ਤੋਂ ਬਚਾਉਣ ਲਈ ਅਜਿਹੇ ਮੇਲੇ ਸਮੇਂ ਦੀ ਲੋੜ ਹਨ। ਉਨ੍ਹਾਂ ਮਾਨਸਾ ਸ਼ਹਿਰ ਤੇ ਆਸ-ਪਾਸ ਦੇ ਲੋਕਾਂ ਨੂੰ ਪਰਿਵਾਰਾਂ ਸਮੇਤ ਮੇਲੇ ਵਿੱਚ ਸ਼ਿਰਕਤ ਕਰਨ ਲਈ ਅਪੀਲ ਵੀ ਕੀਤੀ।