ਨੌਜਵਾਨਾਂ ਨੇ ਖ਼ੂਨਦਾਨ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨੌਜਵਾਨਾਂ ਨੇ ਖੂਨਦਾਨ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Publish Date: Mon, 23 Mar 2026 06:35 PM (IST)
Updated Date: Tue, 24 Mar 2026 04:08 AM (IST)
-ਖੂਨ ਦਾਨ, ਸਿਹਤ ਜਾਂਚ ਅਤੇ ਵਾਤਾਵਰਨ ਸੰਭਾਲ ਦਾ ਹੋਕਾ
-ਕਲੱਬ ਨੇ ਬੱਚਿਆਂ ਦੇ ਕਰਵਾਏ ਡਰਾਇੰਗ ਮੁਕਾਬਲੇ
ਪੰਕਜ ਭੱਟ , ਪੰਜਾਬੀ ਜਾਗਰਣ : ਲੁਧਿਆਣਾ , ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਪੰਜਾਬ ਸੋਸ਼ਲ ਕਲੱਬ ਵੱਲੋਂ ਮਾਨਵਤਾ ਸੇਵਾ ਦੀ ਮਿਸਾਲ ਪੇਸ਼ ਕਰਦੇ ਹੋਏ ਵਿਸ਼ੇਸ਼ ਕੈਂਪ ਦੌਰਾਨ 171 ਨੌਜਵਾਨਾਂ ਨੇ ਖੂਨ ਦਾਨ ਕਰਕੇ ਇਹ ਸਾਬਤ ਕਰ ਦਿੱਤਾ ਕਿ ਅੱਜ ਦੀ ਨੌਜਵਾਨੀ ਆਪਣੇ ਸ਼ਹੀਦਾਂ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਸਮਾਜ ਸੇਵਾ ਲਈ ਪੂਰੀ ਤਰ੍ਹਾਂ ਤਤਪਰ ਹੈ। ਇਸ ਮੌਕੇ ਉੱਚੇਚੇ ਤੌਰ ਪੁੱਜੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਂ ਨੇ ਦੇਸ਼ ਲਈ ਆਪਣਾ ਖੂਨ ਵਹਾਇਆ, ਅੱਜ ਦੇ ਨੌਜਵਾਨਾਂ ਵੱਲੋਂ ਮਾਨਵਤਾ ਲਈ ਦਿੱਤਾ ਗਿਆ ਇਹ ਖੂਨ ਦਾਨ ਉਸੇ ਕੁਰਬਾਨੀ ਦੇ ਜਜ਼ਬੇ ਨੂੰ ਦਰਸਾਉਂਦਾ ਹੈ। ਤਲਵਿੰਦਰ ਸਿੰਘ, ਗੁਰਦੀਪ ਸਿੰਘ, ਸੁਮਨ ਰਾਵਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਨੂੰ ਅਜਿਹੀਆਂ ਸੰਸਥਾਵਾਂ ਦੀ ਲੋੜ ਹੈ ਜੋ ਸਿਰਫ਼ ਸਿਹਤ ਹੀ ਨਹੀਂ, ਸਗੋਂ ਪਰਿਆਵਰਨ ਅਤੇ ਬੱਚਿਆਂ ਦੇ ਭਵਿੱਖ ਲਈ ਵੀ ਕੰਮ ਕਰ ਰਹੀਆਂ ਹਨ। ਸਮਾਗਮ ਦੌਰਾਨ ਸਿਰਫ਼ ਖੂਨ ਦਾਨ ਹੀ ਨਹੀਂ, ਸਗੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕਤਾ ਲਈ ਮੁਫ਼ਤ ਬੀਪੀ ਅਤੇ ਸ਼ੂਗਰ ਜਾਂਚ ਕੈਂਪ ਵੀ ਲਗਾਇਆ ਗਿਆ। ਵਾਤਾਵਰਨ ਨੂੰ ਬਚਾਉਣ ਦੇ ਮਕਸਦ ਨਾਲ ਆਏ ਹੋਏ ਨਿਵਾਸੀਆਂ ਨੂੰ ਮੁਫ਼ਤ ਪੌਦੇ ਵੰਡ ਕੇ ‘ਹਰਿਆਵਲ ਪੰਜਾਬ’ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਕਲੱਬ ਵੱਲੋਂ ਬੱਚਿਆਂ ਲਈ ਕਰਵਾਏ ਗਏ ਡਰਾਇੰਗ ਮੁਕਾਬਲੇ ਨੇ ਸਭ ਦਾ ਮਨ ਮੋਹ ਲਿਆ। ਨਿੱਕੇ-ਨਿੱਕੇ ਬੱਚਿਆਂ ਨੇ ਆਪਣੀਆਂ ਰੰਗਦਾਰ ਪੈਂਸਿਲਾਂ ਰਾਹੀਂ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਦੇਸ਼ ਭਗਤੀ ਦੇ ਚਿੱਤਰ ਉਲੀਕ ਕੇ ਸ਼ਹੀਦਾਂ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਇਸ ਮੌਕੇ ਤਲਵਿੰਦਰ ਸਿੰਘ, ਗੁਰਦੀਪ ਸਿੰਘ , ਸੁਮਨ ਰਾਵਤ , ਨਿਤੀਸ਼, ਜੌਨੀ, ਬਲਰਾਜ, ਸੋਨੂ, ਰੋਹਿਤ, ਸੁਖਵਿੰਦਰ, ਸ੍ਰੀਕਾਂਤ, ਰਵੀ, ਲੱਕੀ, ਕਿੱਟੂ ਅਤੇ ਜਸਵਿੰਦਰ ਸਿੰਘ ਹਾਜਰ ਸਨ।