ਪਾਰਕਿੰਗ ਚੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਮੌਕੇ ’ਤੇ ਕਾਬੂ
ਅਦਾਲਤੀ ਕੰਪਲੈਕਸ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਨੌਜਵਾਨ ਮੌਕੇ ਤੇ ਹੀ ਕਾਬੂ
Publish Date: Fri, 16 Jan 2026 08:34 PM (IST)
Updated Date: Fri, 16 Jan 2026 08:36 PM (IST)
ਪੁਲਿਸ ਗਸ਼ਤ ਦੌਰਾਨ ਨਾਕਾਮ ਹੋਈ ਨੌਜਵਾਨ ਦੇ ਭੱਜਣ ਦੀ ਕੋਸ਼ਿਸ਼ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਅਦਾਲਤੀ ਕੰਪਲੈਕਸ ਦੇ ਇਲਾਕੇ ਵਿੱਚ ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਰੁਟੀਨ ਗਸ਼ਤ ਦੌਰਾਨ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਦੇ ਨੇੜੇ ਮੌਜੂਦ ਸੀ। ਇਸੇ ਦੌਰਾਨ ਇੱਕ ਵਿਅਕਤੀ ਮੋਟਰਸਾਈਕਲ ਤੇ ਆਉਦਾ ਦਿਖਾਈ ਦਿੱਤਾ। ਪੁਲਿਸ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਮੋਟਰਸਾਈਕਲ ਨੂੰ ਇਕ ਪਾਸੇ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਟੀਮ ਨੇ ਫੁਰਤੀ ਨਾਲ ਕਾਰਵਾਈ ਕਰਦਿਆਂ ਉਸ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਪੁਲਿਸ ਵੱਲੋਂ ਮੋਟਰਸਾਈਕਲ ਦੇ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ, ਪਰ ਮੁਲਜ਼ਮ ਕੋਈ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਸ਼ੱਕ ਹੋਣ ’ਤੇ ਪੁਲਿਸ ਨੇ ਮੋਟਰਸਾਈਕਲ ਦੀ ਜਾਂਚ ਕੀਤੀ, ਜਿਸ ਤੋਂ ਖੁਲਾਸਾ ਹੋਇਆ ਕਿ ਮੋਟਰਸਾਈਕਲ ਚੋਰੀ ਦੀ ਹੈ। ਪੁਲਿਸ ਦੇ ਮੁਤਾਬਿਕ ਮੁਲਜ਼ਮ ਦੀ ਪਛਾਣ ਮੋਹਿਤ ਥਾਪਰ ਵਜੋਂ ਹੋਈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਪਹਿਲਾਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।